ਲਖਨਊ: ਬਲੀਆ ਗੋਲੀਕਾਂਡ ਦੇ ਮੁੱਖ ਮੁਲਜ਼ਮ ਧੀਰੇਂਦਰ ਸਿੰਘ ਨੂੰ ਯੂਪੀ ਐਸਟੀਐਫ ਨੇ ਲਖਨਊ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਜ਼ਿਲ੍ਹੇ ਦੇ ਦੁਰਜਨਪੁਰ ਪਿੰਡ ਵਿੱਚ 15 ਅਕਤੂਬਰ ਨੂੰ ਗੋਲੀ ਕਾਂਡ ਹੋਇਆ ਸੀ। ਮੁਲਜ਼ਮ ਨੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਸਾਹਮਣੇ ਨੌਜਵਾਨ ਨੂੰ ਗੋਲੀ ਮਾਰੀ ਸੀ। ਗੋਲੀ ਕਾਂਡ ਤੋਂ ਬਾਅਦ ਹੀ ਮੁਲਜ਼ਮ ਫ਼ਰਾਰ ਸੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਰੇਵਤੀ ਥਾਣਾ ਖੇਤਰ ਦੇ ਦੁਰਜਨਪੁਰ ਪਿੰਡ ਵਿੱਚ ਵੀਰਵਾਰ ਨੂੰ ਸਰਕਾਰੀ ਸਸਤੇ ਗੱਲੇ ਦੀ ਦੁਕਾਨ ਦੀ ਚੋਣ ਦੌਰਾਨ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ।
ਬਲੀਆ ਜ਼ਿਲ੍ਹੇ ਵਿੱਚ ਹੋਏ ਇਸ ਕਤਲ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਾਰਦਾਤ ਦੌਰਾਨ ਮੌਜੂਦ ਐਸਡੀਐਮ, ਸੀਓ ਅਤੇ ਪੁਲਿਸ ਦੇ ਜਵਾਨਾਂ ਨੂੰ ਤਤਕਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਨਾਲ ਹੀ ਮੁੱਖ ਮੰਤਰੀ ਨੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਮੌਕੇ ਤੋਂ ਫ਼ਰਾਰ ਹੋਇਆ ਧੀਰੇਂਦਰ
ਉਥੇ, ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਧੀਰੇਂਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਕੋਟੇ ਦੀ ਦੁਕਾਨ ਨੂੰ ਲੈ ਕੇ ਦੋਵਾਂ ਵਿੱਚ ਵਿਵਾਦ ਸੀ, ਜਿਸ ਨੂੰ ਲੈ ਕੇ ਐਸਡੀਐਮ ਅਤੇ ਸੀਓ ਪਿੰਡ ਵਿੱਚ ਕੋਟੇ ਦੇ ਵਿਵਾਦ ਦੀ ਪੰਚਾਇਤ ਕਰਵਾਉਣ ਪੁੱਜੇ ਸਨ।
ਮੁੱਖ ਮੁਲਜ਼ਮ ਧੀਰੇਂਦਰ ਪ੍ਰਤਾਪ ਸਿੰਘ ਨੇ ਇਸਤੋਂ ਪਹਿਲਾਂ ਖ਼ੁਦ ਨੂੰ ਬੇਕਸੂਰ ਦੱਸਦੇ ਹੋਏ ਦਾਅਵਾ ਕੀਤਾ ਸੀ ਕਿ ਰੇਵਤੀ ਦੀ ਘਟਨਾ ਵਿੱਚ ਉਸਦੇ ਪਰਿਵਾਰ ਦੇ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ ਅਤੇ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ ਹਨ। ਧੀਰੇਂਦਰ ਪ੍ਰਤਾਪ ਸਿੰਘ ਡਬਲਯੂ ਨੇ ਸੋਸ਼ਲ ਸਾਈਟਸ 'ਤੇ ਸ਼ੁੱਕਰਵਾਰ ਰਾਤ ਜਾਰੀ ਇੱਕ ਵੀਡੀਓ ਵਿੱਚ ਖ਼ੁਦ ਨੂੰ ਸਾਬਕਾ ਫ਼ੌਜੀ ਸੰਗਠਨ ਦਾ ਪ੍ਰਧਾਨ ਦੱਸਿਆ। ਉਸ ਨੇ ਘਟਨਾ ਨੂੰ ਪਹਿਲਾਂ ਤੋਂ ਮਿੱਥੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਸ ਨੇ ਵੰਡ ਲਈ ਮੀਟਿੰਗ ਸ਼ੁਰੂ ਹੁੰਦੇ ਹੀ ਉਪ ਜ਼ਿਲ੍ਹਾ ਅਧਿਕਾਰੀ, ਪੁਲਿਸ ਕਮਿਸ਼ਨਰ ਅਤੇ ਹੋਰ ਅਧਿਥਾਰੀਆਂ ਨਾਲ ਬਹਿਸ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ, ਪਰੰਤੂ ਅਧਿਕਾਰੀਆਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ।
ਧੀਰੇਂਦਰ ਨੇ ਕਿਹਾ ਸੀ ਕਿ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸਦੇ 80 ਸਾਲਾ ਬਜ਼ੁਰਗ ਪਿਤਾ ਤੇ ਭਾਬੀ 'ਤੇ ਹਮਲਾ ਕੀਤਾ ਗਿਆ। ਉਸ ਨੇ ਅਧਿਕਾਰੀਆਂ 'ਤੇ ਦੂਜੇ ਪੱਖ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਅਤੇ ਕਿਹਾ ਹੈ ਕਿ ਇਸ ਘਟਨਾ ਵਿੱਚ ਉਸ ਦੇ ਪਰਿਵਾਰ ਦੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਉਸਨੂੰ ਸੂਚਨਾ ਮਿਲੀ ਹੈ। ਉਸ ਅਨੁਸਾਰ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਘਟਨਾ ਵਿੱਚ ਉਸਦੇ ਪੱਖ ਦੇ 8 ਲੋਕ ਜ਼ਖ਼ਮੀ ਹੋਏ ਹਨ।
ਉਸਨੂੰ ਨਹੀਂ ਪਤਾ ਕਿ ਜੈਪ੍ਰਕਾਸ਼ ਪਾਲ ਗਾਮਾ ਦੀ ਮੌਤ ਕਿਸਦੀ ਗੋਲੀ ਲੱਗਣ ਨਾਲ ਹੋਈ ਹੈ। ਉਸ ਨੇ ਪ੍ਰਸ਼ਾਸਨ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਸਦੀ ਸ਼ਿਕਾਇਤ 'ਤੇ ਪੁਲਿਸ ਮੁਕੱਦਮਾ ਦਰਜ ਨਹੀਂ ਕਰ ਰਹੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਰੇਵਤੀ ਥਾਣਾ ਖੇਤਰ ਦੇ ਦੁਰਜਨਪੁਰ ਪਿੰਡ ਵਿੱਚ ਸਰਕਾਰੀ ਸਸਤੇ ਗੱਲੇ ਦੀ ਦੁਕਾਨ ਦੀ ਚੋਣ ਨੂੰ ਲੈ ਕੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ।