ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਨ-ਅਲਾਈਨਡ ਅੰਦੋਲਨ (ਐਨ.ਏ.ਐੱਮ.) ਦੇਸ਼ਾਂ ਦੇ ਵੈੱਬ ਸੰਮੇਲਨ ਵਿੱਚ ਭਾਰਤ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦਰਮਿਆਨ ਪਾੜਾ ਪੈਦਾ ਕਰਨ ਲਈ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਅਤੇ ਪ੍ਰਾਪੇਗੰਡਾ ਚਲਾਉਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਮ ਲੈ ਕੇ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਕਿਹਾ ਕਿ ਜਿਵੇਂ ਵਿਸ਼ਵ ਕੋਵਿਡ-19 ਨਾਲ ਲੜ ਰਿਹਾ ਹੈ, "ਕੁੱਝ ਦੇਸ਼ ਹੋਰਨਾਂ ਘਾਤਕ ਵਾਇਰਸਾਂ, ਜਿਵੇਂ ਕਿ ਅੱਤਵਾਦ, ਜਾਅਲੀ ਖ਼ਬਰਾਂ ਅਤੇ ਕਮਿਊਨਿਟੀਆਂ ਅਤੇ ਦੇਸ਼ਾਂ ਨੂੰ ਵੰਡਣ ਲਈ ਵੀਡੀਓ ਫੈਲਾਉਣ ਵਿੱਚ ਰੁੱਝੇ ਹੋਏ ਹਨ।"
ਇਹ ਸੰਮੇਲਨ ਸੋਮਵਾਰ ਨੂੰ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਅਤੇ ਐਨਏਐਮ ਦੀ ਮੌਜੂਦਾ ਚੇਅਰਮੈਨ ਇਲਹਾਮ ਅਲੀਯੇਵ ਦੀ ਪਹਿਲਕਦਮੀ 'ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਲਈ ਮੈਂਬਰ ਦੇਸ਼ਾਂ ਦੇ ਤਾਲਮੇਲ ਨੂੰ ਵਧਾਉਣ ਲਈ ਕੀਤਾ ਗਿਆ। ਰਾਸ਼ਟਰਪਤੀ ਆਰਿਫ ਅਲਵੀ ਦੀ ਅਗਵਾਈ ਵਿੱਚ ਪਾਕਿਸਤਾਨ ਨੇ ਵੀ ਸੰਮੇਲਨ ਵਿੱਚ ਹਿੱਸਾ ਲਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇ ਵਾਲੇ 'ਤੇ ਮਾਮਲਾ ਦਰਜ, ਫ਼ਾਇਰਿੰਗ ਦੌਰਾਨ ਮੌਜੂਦ 5 ਪੁਲਿਸ ਮੁਲਾਜ਼ਮ ਵੀ ਕੀਤੇ ਮੁਅੱਤਲ
ਜਾਣਕਾਰੀ ਲਈ ਦੱਸ ਦਈਏ ਕਿ ਸੰਯੁਕਤ ਰਾਸ਼ਟਰ ਤੋਂ ਬਾਅਦ ਐਨਏਐ 120 ਮੈਂਬਰਾਂ ਵਾਲੇ ਦੇਸ਼ਾਂ ਦਾ ਸਭ ਤੋਂ ਵੱਡਾ ਸਮੂਹ ਹੈ। ਇਹ ਪਹਿਲਾ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 2014 'ਚ ਆਪਣੇ ਪਹਿਲੇ ਕਾਰਜਕਾਲ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਐਨਏਐਮ ਸੰਮੇਲਨ ਵਿੱਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਸਾਲ 2016 ਦੇ ਸੰਮੇਲਨ ਨੂੰ ਛੱਡ ਦਿੱਤਾ ਸੀ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ।