ਦਿੱਲੀ: ਕੇਂਦਰੀ ਰਾਜ ਮੰਤਰੀ (ਉਦਯੋਗ ਅਤੇ ਵਣਜ) ਅਤੇ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਸ਼ੁੱਕਰਵਾਰ ਨੂੰ ਮਹਾਂਮਾਰੀ ਦੌਰਾਨ ਪੰਜਾਬ ਵਿੱਚ ਹੋ ਰਹੇ ਕਥਿਤ ਘਪਲਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਚਿੱਠੀਆਂ ਲਿਖ ਕੇ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦਲਿਤ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਵਿੱਚ ਪੰਜਾਬ ਵਿੱਚ 60 ਕਰੋੜ ਰੁਪਏ ਤੋਂ ਉੱਪਰ ਦਾ ਘਪਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂਅ ਕਥਿਤ ਪੋਸਟ ਮੈਟ੍ਰਿਕ ਵਜ਼ੀਫੇ ਘੋਟਾਲੇ ਵਿੱਚ ਆਉਣ ਤੋਂ ਬਾਅਦ ਸੋਮ ਪ੍ਰਕਾਸ਼ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ।
ਕੇਂਦਰੀ ਰਾਜ ਮੰਤਰੀ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਫ਼ੰਡ ਕੁੱਝ ਅਜਿਹੇ ਕਾਲਜਾਂ ਨੂੰ ਵੀ ਦਿੱਤੇ ਗਏ ਹਨ, ਜਿਨ੍ਹਾਂ ਉੱਪਰ ਸਰਕਾਰ ਨੇ ਰਿਕਵਰੀ ਪਾਈ ਗਈ ਹੈ। ਅਜਿਹੀਆਂ ਸੰਸਥਾਵਾਂ ਨੂੰ ਪੈਸੇ ਭੇਜਣਾ ਆਪਣੇ-ਆਪ ਵਿੱਚ ਮੰਤਰੀ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜ੍ਹੇ ਕਰਦਾ ਹੈ।
ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਸੌ ਤੋਂ ਵੱਧ ਮੌਤਾਂ ਦਾ ਮੁੱਦਾ ਵੀ ਸੋਮ ਪ੍ਰਕਾਸ਼ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕਿਆ। ਅਮਿਤ ਸ਼ਾਹ ਨੂੰ ਲਿਖੀ ਇੱਕ ਚਿੱਠੀ ਵਿੱਚ ਸੋਮ ਪ੍ਰਕਾਸ਼ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਪਣੇ ਕੁੱਝ ਨੁਮਾਇੰਦੇ ਹੀ ਇਸ ਘਪਲੇ ਵਿੱਚ ਸ਼ਾਮਿਲ ਹਨ ਅਤੇ ਈਡੀ ਨੂੰ ਵੀ ਐਫਆਈਆਰ ਦੀਆਂ ਕਾਪੀਆਂ ਨਹੀਂ ਦਿੱਤੀਆਂ ਜਾ ਰਹੀਆਂ। ਇਸਤੋਂ ਇਲਾਵਾ ਕਈ ਜਗ੍ਹਾ ਛਾਪੇਮਾਰੀ ਹੋਣ ਤੋਂ ਬਾਅਦ ਵੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ।
ਸੋਮ ਪ੍ਰਕਾਸ਼ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਲਗਭਗ ਡੇਢ ਕਰੋੜ ਲੋਕਾਂ ਲਈ ਰਾਸ਼ਨ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਪਰ ਸੂਬਾ ਸਰਕਾਰ ਨੇ ਲੋਕਾਂ ਤੱਕ ਨਹੀਂ ਪਹੁੰਚਾਈਆਂ। ਕਈ ਥਾਈਂ ਇਹ ਰਾਸ਼ਨ ਕਾਂਗਰਸੀ ਆਗੂਆਂ ਦੇ ਘਰਾਂ ਵਿੱਚੋਂ ਮਿਲਿਆ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਨੂੰ ਚਿੱਠੀ ਲਿਖ ਕੇ ਇਸ ਮੁੱਦੇ 'ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਸਾਧੂ ਸਿੰਘ ਧਰਮਸੋਤ ਵਿਰੁੱਧ ਪ੍ਰਦਰਸ਼ਨ ਹੋਇਆ।