ਦੇਹਰਾਦੂਨ: ਭਾਰਤ-ਚੀਨ ਸਰਹੱਦ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਣੇ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਹੱਦ 'ਤੇ ਸਥਿਤੀ ਨਿਯੰਤਰਣ ਵਿੱਚ ਹੈ। ਨਰਵਾਣੇ ਨੇ ਕਿਹਾ, "ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਚੀਨ ਨਾਲ ਲੱਗਦੀਆਂ ਸਾਡੀਆਂ ਸਰਹੱਦਾਂ 'ਤੇ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਅਧੀਨ ਹੈ। ਸਾਡੇ ਵਿਚਕਾਰ ਗੱਲਬਾਤ ਦੀ ਇੱਕ ਲੜੀ ਚੱਲ ਰਹੀ ਹੈ, ਜਿਸ ਦੀ ਸ਼ੁਰੂਆਤ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਨਾਲ ਹੋਈ।"
ਇਸ ਦੇ ਨਾਲ ਹੀ ਆਰਮੀ ਚੀਫ਼ ਨੇ ਅੱਗੇ ਕਿਹਾ, "ਅਸੀਂ ਉਮੀਦ ਕਰ ਰਹੇ ਹਾਂ ਕਿ ਨਿਰੰਤਰ ਗੱਲਬਾਤ ਰਾਹੀਂ ਅਸੀਂ (ਭਾਰਤ-ਚੀਨ) ਸਾਰੇ ਮਤਭੇਦਾਂ ਨੂੰ ਦੂਰ ਕਰ ਸਕਾਂਗੇ। ਹਰ ਚੀਜ਼ ਕਾਬੂ ਵਿੱਚ ਹੈ।"
ਨੇਪਾਲ ਬਾਰੇ ਸੈਨਾ ਮੁਖੀ ਨੇ ਕਿਹਾ ਕਿ ਨੇਪਾਲ ਨਾਲ ਸਾਡਾ ਸਬੰਧ ਮਜ਼ਬੂਤਹੈ। ਸਾਡੇ ਕੋਲ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਸਬੰਧ ਹਨ। ਸਾਡੇ ਲੋਕਾਂ ਦੇ ਆਪਸੀ ਸਬੰਧ ਬਹੁਤ ਮਜ਼ਬੂਤ ਹਨ। ਨੇਪਾਲ ਨਾਲ ਸਾਡੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ ਅਤੇ ਭਵਿੱਖ ਵਿੱਚ ਵੀ ਮਜ਼ਬੂਤ ਰਹਿਣਗੇ।
ਇਹ ਵੀ ਪੜ੍ਹੋ: ਬਿਹਾਰ: ਨੇਪਾਲ ਪੁਲਿਸ ਨੇ ਬੰਧਕ ਭਾਰਤੀ ਨੂੰ ਕੀਤਾ ਰਿਹਾਅ
ਜਨਰਲ ਨਰਵਾਣੇ ਨੇ ਕਿਹਾ ਕਿ ਭਾਰਤ-ਚੀਨ ਗੱਲਬਾਤ 6 ਜੂਨ ਨੂੰ ਸ਼ੁਰੂ ਹੋਈ ਸੀ। ਜਦੋਂ ਦੋਵਾਂ ਦੇ ਕੋਰ ਕਮਾਂਡਰ ਮਿਲੇ। ਇਸ ਦੀ ਅਗਵਾਈ ਭਾਰਤ ਦੀ ਤਰਫੋਂ ਲੈਫਟੀਨੈਂਟ ਹਰਿੰਦਰ ਨੇ ਕੀਤੀ ਸੀ, ਜਦੋਂਕਿ ਚੀਨ ਦੀ ਤਰਫ਼ੋਂ ਮੇਜਰ ਜਨਰਲ ਲਿਯੂ ਲਿਨ ਗੱਲਬਾਤ ਵਿੱਚ ਸ਼ਾਮਲ ਹੋਏ ਸੀ।
ਸੈਨਾ ਮੁਖੀ ਨੇ ਕਿਹਾ ਕਿ ਜਿੱਥੋਂ ਤੱਕ ਜੰਮੂ-ਕਸ਼ਮੀਰ ਦਾ ਸਬੰਧ ਹੈ, ਅਸੀਂ ਬਹੁਤ ਸਾਰੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ। ਪਿਛਲੇ 10-15 ਦਿਨਾਂ ਵਿੱਚ 15 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਹ ਸਭ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸਾਰੇ ਸੁਰੱਖਿਆ ਬਲਾਂ ਦੇ ਸਹਿਯੋਗ ਅਤੇ ਤਾਲਮੇਲ ਕਾਰਨ ਸੰਭਵ ਹੋਇਆ ਹੈ। ਜ਼ਿਆਦਾਤਰ ਆਪ੍ਰੇਸ਼ਨ ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਕੀਤੇ ਗਏ ਹਨ। ਇਹ ਦਰਸਾਉਂਦਾ ਹੈ ਕਿ ਸਥਾਨਕ ਲੋਕ ਵੀ ਅੱਤਵਾਦ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਚਾਹੁੰਦੇ ਹਨ ਕਿ ਸਥਿਤੀ ਆਮ ਵਾਂਗ ਹੋਵੇ।