ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਪਿਛਲੇ ਦਿਨੀਂ ਢਾਈ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਯੂਪੀ ਸਰਕਾਰ ਹਰਕਤ 'ਚ ਆ ਗਈ ਹੈ। ਸਰਕਾਰ ਨੇ ਦੋਸ਼ੀਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਦੇ ਹੁਕਮ ਦਿੱਤੇ ਹਨ। ਯੂਪੀ ਸਰਕਾਰ ਨੇ ਹੁਣ ਇਸ ਮਾਮਲੇ 'ਚ ਐੱਸਆਈਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ।
ਏਜੀਡੀ (ਲਾਅ ਅਤੇ ਆਰਡਰ) ਆਨੰਦ ਕੁਮਾਰ ਮੁਤਾਬਕ ਇਹ ਘਟਨਾ 30 ਮਈ ਨੂੰ ਹੋਈ ਅਤੇ 31 ਮਈ ਨੂੰ ਐੱਫ਼ਆਈਆਰ ਦਰਜ ਕਰਵਾਈ ਗਈ ਸੀ। ਬੱਚੀ ਦੀ ਮ੍ਰਿਤਕ ਦੇਹ ਦੇ ਲਏ ਗਏ ਨਮੂਨਿਆਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਐੱਸਐਈਟੀ ਦਾ ਗਠਨ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੀ ਦੇ ਪਿਤਾ ਨੇ 10 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਜਦੋਂ ਉਹ ਪੈਸੇ ਨਹੀਂ ਦੇ ਸਕਿਆ ਤਾਂ ਮੁਲਜ਼ਮ ਨੇ ਬੱਚੀ ਨੂੰ ਅਗਵਾ ਕਰ ਲਿਆ। ਤਿੰਨ ਦਿਨ ਬਾਅਦ ਬੱਚੀ ਦੀ ਲਾਸ਼ ਘਰ ਦੇ ਨੇੜੇ ਕੂੜੇ ਵਾਲੇ ਡੰਪ 'ਚੋਂ ਬਰਾਮਦ ਕੀਤੀ ਗਈ ਸੀ। ਇਸ ਮਾਮਲੇ 'ਚ 2 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮ੍ਰਿਤਕ ਬੱਚੀ ਦੀ ਮਾਂ ਨੇ ਮੁਲਜ਼ਮਾਂ ਲਈ ਫਾਂਸੀ ਦੀ ਮੰਗ ਕੀਤੀ ਹੈ।