ਨਵੀਂ ਦਿੱਲੀ: ਭਾਰਤ ਵਿੱਚ ਸੋਮਵਾਰ ਨੂੰ ਈਦ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਕੁੱਝ ਨੁਮਾਇੰਦਿਆਂ ਨੇ ਦਿੱਲੀ ਦੀ ਜਾਮਾ ਮਸਜਿਦ ਨੂੰ ਸੈਨੇਟਾਈਜ਼ ਕੀਤਾ ਅਤੇ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਲੋਕਾਂ ਨੂੰ ਦਿੱਤਾ। ਕੋਰੋਨਾ ਵਾਇਰਸ ਕਰਕੇ ਈਦ ਦੇ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਮਸਜਿਦ ਵਿੱਚ ਆਉਣ ਵਾਲੇ ਲੋਕਾਂ ਦੀ ਸਿਹਤ ਲਈ ਇਹ ਚੰਗੀ ਪਹਿਲ ਹੈ।
ਯੂਨਾਈਟਿਡ ਸਿੱਖ ਗਰੁੱਪ ਨਾਂਅ ਦੀ ਇਸ ਸੰਸਥਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਈਦ ਦੀ ਨਮਾਜ਼ ਤੋਂ ਪਹਿਲਾਂ ਮਸਜਿਦ ਵਿੱਚ ਸੈਨੇਟਾਈਜ਼ੇਸ਼ਨ ਕੀਤੀ। ਜਾਮਾ ਮਸਜਿਦ ਦਿੱਲੀ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਇੱਥੇ ਰਮਜ਼ਾਨ ਦੇ ਮਹੀਨੇ ਰੌਣਕਾਂ ਲੱਗੀਆਂ ਰਹਿੰਦੀਆਂ ਹਨ।
ਇਸ ਸਾਲ ਮਹਾਂਮਾਰੀ ਦੇ ਕਾਰਨ ਭਾਵੇਂ ਚਹਿਲ-ਪਹਿਲ ਘੱਟ ਹੈ ਪਰ ਜਾਮਾ ਮਸਜਿਦ ਦੀ ਕਮੇਟੀ ਅਤੇ ਸਿੱਖ ਭਾਈਚਾਰੇ ਵੱਲੋਂ ਸਾਫ਼ ਸਫ਼ਾਈ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਇਸ ਸਮਾਜਿਕ ਸੰਸਥਾ ਵੱਲੋਂ ਗੁਰਦੁਆਰੇ, ਚਰਚ, ਹਸਪਤਾਲ ਅਤੇ ਹੋਰ ਭੀੜ ਵਾਲੇ ਇਲਾਕਿਆਂ ਵਿੱਚ ਵੀ ਸੈਨੇਟਾਈਜ਼ੇਸ਼ਨ ਕੀਤੀ ਗਈ ਹੈ। ਲੋੜਵੰਦਾਂ ਨੂੰ ਲੰਗਰ ਅਤੇ ਹਸਪਤਾਲਾਂ ਲਈ ਪੀਪੀਈ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ।
ਜਿੱਥੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰ ਰੋਜ਼ ਲੋੜਵੰਦਾਂ ਨੂੰ ਲੰਗਰ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾ ਰਹੀ ਹੈ, ਉੱਥੇ ਹੀ ਵੈਸ਼ਨੋ ਦੇਵੀ ਟਰੱਸਟ ਵੱਲੋਂ ਵੀ ਇਕਾਂਤਵਾਸ ਵਿੱਚ ਮੌਜੂਦ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਇਫ਼ਤਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮਜ਼ਹਬ ਅਤੇ ਜਾਤੀਵਾਦ ਤੋਂ ਉੱਪਰ ਉੱਠ ਕੇ ਮਾਨਵਤਾ ਲਈ ਖੜ੍ਹੇ ਹੋਣਾ ਭਾਰਤ ਦੀ ਸੱਭਿਅਤਾ ਦਾ ਇੱਕ ਅਭਿੰਨ ਅੰਗ ਹੈ ਅਤੇ ਮੁਸੀਬਤ ਦੀ ਇਸ ਘੜੀ ਵਿੱਚ ਇਸ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਹਨ।