ਅੰਮ੍ਰਿਤਸਰ: ਗੁਜਰਾਤ ਦੇ ਸ਼ਹਿਰ ਭਾਵਨਗਰ ਦੇ ਇੱਕ ਚੌਂਕ 'ਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਸਥਾਪਿਤ ਕਰਨ ਨੂੰ ਲੈ ਕੇ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਇਸ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਤੇ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਲਈ ਇੱਕ ਵਫ਼ਦ ਗੁਜਰਾਤ ਭੇਜਿਆ ਜਾਵੇਗਾ।
ਡਾ. ਰੂਪ ਸਿੰਘ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ, "ਸਿੱਖ 'ਸ਼ਬਦ' ਦਾ ਪੁਜਾਰੀ ਹੈ, ਮੂਰਤੀ ਦਾ ਨਹੀਂ। ਅਸੀਂ ਅਕਾਲ ਪੁਰਖ ਦੇ ਉਪਾਸਕ ਹਾਂ। ਗੁਰੂ ਨਾਨਕ ਦੇਵ ਜੀ ਦੀਆਂ ਅਜਿਹੀਆਂ ਮੂਰਤੀਆਂ ਬਣਾਉਣਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ।
ਦੱਸ ਦਈਏ ਕਿ ਜਿਸ ਵੇਲ੍ਹੇ ਉੱਥੇ ਮੂਰਤੀ ਸਥਾਪਿਤ ਕੀਤੀ ਗਈ ਉਸ ਵੇਲ੍ਹੇ ਉੱਥੇ ਕਾਡ ਆਫ਼ ਕੰਡਕਟ ਲਾਗੂ ਸੀ।