ਨਵੀਂ ਦਿੱਲੀ: ਰਾਜ ਸਭਾ ਸੈਸ਼ਨ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ, ਸਿੱਖਾਂ ਨੇ ਦੇਸ਼ ਲਈ ਲੜਾਈ ਲੜੀ ਅਤੇ ਹੁਣ ਉਨ੍ਹਾਂ ਨੂੰ ਖਾਲਿਸਤਾਨੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ, ਸੂਬੇ ਦਾ ਵਿਸ਼ਾ ਹੈ ਅਤੇ ਕਿਉਂਕਿ ਕੇਂਦਰ ਨੇ ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਹੈ। ਇਸ ਲਈ ਸੰਘੀ ਪ੍ਰਣਾਲੀ ਪ੍ਰਭਾਵਿਤ ਹੋਈ ਹੈ।
ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਦੇਸ਼ ਦੇ ਹਰ ਸਮਾਜ ਦਾ
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੀਤਾ ਜਾ ਰਿਹਾ ਕਿਸਾਨਾਂ ਦਾ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਨਹੀਂ ਸਗੋਂ ਹੁਣ ਦੇਸ਼ ਦੇ ਸਾਰੇ ਸਮਾਜ ਦਾ ਹੈ। ਅੱਜ ਅੰਨਦਾਤਾ ਦੇਸ਼ ਦੀ ਰਾਜਧਾਨੀ ਦੀ ਸਰਹੱਦ 'ਤੇ ਬੈਠਾ ਹੈ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ।
ਪ੍ਰਧਾਨ ਮੰਤਰੀ ਤੁਰੰਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ: ਬਾਜਵਾ
ਪੰਜਾਬ ਤੋਂ ਕਾਂਗਰਸ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ ਸੈਸ਼ਨ ਦੌਰਾਨ ਆਪਣੇ ਭਾਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਿਹਾ ਅਤੇ ਨਾਲ ਹੀ ਕਿਹਾ ਕਿ ਇੱਕ ਸਾਲ ਪਿੱਛੋਂ ਕਾਨੂੰਨ ਕਿਸਾਨ ਆਗੂਆਂ, ਸੰਸਦ ਮੈਂਬਰਾਂ ਅਤੇ ਮਾਹਰਾਂ ਦੀ ਰਾਇ ਲੈ ਕੇ ਦੁਬਾਰਾ ਲਿਆਂਦੇ ਜਾਣ।
ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਦੇੜਨ ਲਈ ਸਰਕਾਰ ਚਾਲਾਂ ਚੱਲੀਆਂ ਜਾ ਰਹੀਆਂ ਹਨ, ਪਰ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਜੋ ਧਰਨੇ ਉਪਰ ਬੈਠੀ ਕੌਮ ਹੈ, ਉਹ ਪਿਆਰ ਨਾਲ ਤਾਂ ਮੰਨ ਸਕਦੀ ਹੈ ਪਰ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ।
'ਲਾਲ ਕਿਲ੍ਹੇ ਦੀ ਘਟਨਾ ਪਿੱਛੇ ਵਿਰੋਧੀ ਤਾਕਤਾਂ'
ਰਾਜ ਸਭਾ ਵਿੱਚ ਆਪਣੇ ਭਾਸ਼ਨ ਦੌਰਾਨ ਸੰਸਦ ਮੈਂਬਰ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੀ ਘਟਨਾ ਵਿੱਚ ਵਿਰੋਧੀ ਤਾਕਤਾਂ ਦਾ ਹੱਥ ਹੈ। ਇਹ ਸ਼ਰਾਰਤੀ ਅਨਸਰਾਂ ਕੋਲੋਂ ਕਰਵਾਈ ਗਈ ਘਟਨਾ ਸੀ, ਜਿਸ ਤਹਿਤ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ ਵੱਲ ਉਕਸਾਇਆ ਗਿਆ, ਤਾਂ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ।