ਨਵੀਂ ਦਿੱਲੀ : ਮਹਾਂਰਾਸ਼ਟਰ 'ਚ ਸਰਕਾਰ ਬਣਾਉਣ ਲਈ ਚੱਲ ਰਹੇ ਗਤੀਰੋਧ ਵਿਚਾਲੇ ਨਵੇਂ ਸਿਆਸੀ ਸਮੀਕਰਨਾਂ ਦੀ ਹੱਲਚਲ ਜਾਰੀ ਹੈ। ਮਹਾਂਰਾਸ਼ਟਰ ਦੀ ਸਰਕਾਰ ਬਣਾਉਣ ਲਈ ਸਿਆਸੀ ਰੁਕਾਵਟਾਂ ਵਿਚਾਲੇ ਅੱਜ ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ।
ਸ਼ਰਦ ਪਵਾਰ ਅਤੇ ਸੋਨੀਆ ਗਾਂਧੀ ਦੀ ਇਹ ਬੈਠਕ ਸ਼ਿਵ ਸੈਨਾ ਅਤੇ ਹੋਰਨਾਂ ਭਾਜਪਾ ਵਿਰੋਧੀ ਪਾਰਟੀਆਂ ਲਈ ਇੱਕ ਮੌਕਾ ਸਾਬਿਤ ਹੋ ਸਕਦੀ ਹੈ। ਵਿਧਾਨ ਸਭਾ ਚੋਣ ਨਤੀਜਿਆਂ ਦੇ 10 ਦਿਨ ਬੀਤ ਜਾਣ ਦੇ ਬਾਵਜੂਦ ਮਹਾਰਾਸ਼ਟਰ ਵਿੱਚ ਅਜੇ ਤੱਕ ਕਿਸੇ ਵੀ ਪਾਰਟੀ ਨੇ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ। ਸ਼ਿਵ ਸੈਨਾ ਲਗਾਤਾਰ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ 'ਤੇ ਦਬਾਅ ਬਣਾ ਰਹੀ ਹੈ ਅਤੇ ਮੰਤਰਾਲੇ 'ਚ ਵੀ ਬਰਾਬਰ ਦੀ ਹਿੱਸੇਦਾਰੀ ਦੀ ਮੰਗ ਕਰ ਰਹੀ ਹੈ।
ਇਹ ਵੀ ਪੜ੍ਹੋ :ਤੇਜ਼ ਰਫ਼ਤਾਰ ਕਾਰ ਨੇ ਰਾਹ ਤੁਰੇ ਜਾਂਦੇ ਨੌਜਵਾਨਾਂ ਨੂੰ ਦਰੜਿਆ, 3 ਦੀ ਮੌਤ 1 ਜ਼ਖ਼ਮੀ
ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਚੋਣ ਲੜੇ ਸਨ ਪਰ ਮੁੱਖ ਮੰਤਰੀ ਦੇ ਅਹੁਦੇ ਲਈ ਦੋਹਾਂ ਪਾਰਟੀਆਂ ਵਿਚਾਲੇ ਜੰਗ ਜਾਰੀ ਹੈ। ਅਜਿਹੇ ਵਿੱਚ ਇੱਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਿਵਸੈਨਾ ਸਰਕਾਰ ਬਣਾਉਣ ਲਈ ਰਾਕਾਂਪਾ ਨਾਲ ਗਠਜੋੜ ਕਰ ਸਕਦੀ ਹੈ ਅਤੇ ਇਸ ਦੇ ਲਈ ਉਸ ਨੂੰ ਕਾਂਗਰਸ ਵੱਲੋਂ ਬਾਹਰੀ ਤੌਰ 'ਤੇ ਸਮਰਥਨ ਮਿਲਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਜੀਤ ਪਵਾਰ ਨੇ ਕਿਹਾ ਸੀ, ‘ਸ਼ਰਦ ਪਵਾਰ ਸੋਮਵਾਰ ਨੂੰ ਦਿੱਲੀ ਜਾਣਗੇ। "ਮੇਰੇ ਕੋਲ ਸੂਚਨਾ ਹੈ ਕਿ ਹਾਲ ਹੀ 'ਚ ਉਨ੍ਹਾਂ ਅਤੇ ਸੋਨੀਆ ਗਾਂਧੀ ਵਿਚਾਲੇ ਫੋਨ 'ਤੇ ਗੱਲਬਾਤ ਹੋਈ ਸੀ। ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਵਿਚਾਲੇ ਮੁਲਾਕਾਤ ਉੱਤੇ ਬਹੁਤ ਕੁੱਝ ਨਿਰਭਰ ਕੀ ਉਨ੍ਹਾਂ ਵਿਚਾਲੇ ਕੀ ਚਰਚਾ ਹੋਈ ਹੈ। "
ਦੱਸਣਯੋਗ ਹੈ ਕਿ ਅਜੀਤ ਪਵਾਰ ਮਹਾਰਾਸ਼ਟਰ ਵਿੱਚ ਪਿਛਲੀ ਕਾਂਗਰਸ-ਐਨਸੀਪੀ ਸਰਕਾਰ ਦੌਰਾਨ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ, ‘ਹਾਲਾਂਕਿ ਕਾਂਗਰਸ ਅਤੇ ਐਨਸੀਪੀ ਨੇ ਨਤੀਜੇ ਵਾਲੇ ਦਿਨ ਤੋਂ ਹੀ ਵਿਰੋਧੀ ਧਿਰ ਵਿੱਚ ਬੈਠਣ ਦਾ ਜਨਾਦੇਸ਼ ਮਿਲਿਆ ਹੈ ਅਤੇ ਅਸੀਂ ਖ਼ੁਦ ਨੂੰ ਵਿਰੋਧੀ ਧਿਰ 'ਚ ਬੈਠਣ ਲਈ ਤਿਆਰ ਕਰ ਲਿਆ ਹੈ।