ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਕੋਲ ਰਾਸ਼ਟਰ ਦੀ ਅਗਵਾਈ ਕਰਨ ਦੀ ਯੋਗਤਾ ਹੈ ਅਤੇ ਉਹ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਦੇ ਮੁੱਖੀ ਦਾ ਅਹੁਦਾ ਸੰਭਾਲ ਸਕਦੇ ਹਨ।
ਰਾਊਤ ਨੇ ਕਿਹਾ ਕਿ ਪਵਾਰ ਇਕ ਤਜ਼ਰਬੇਕਾਰ ਆਗੂ ਹਨ। ਉਨ੍ਹਾਂ ਰਾਜਨੀਤਿਕ ਪਾਰੀ ਨੂੰ 50 ਸਾਲ ਹੋ ਗਏ ਹਨ। ਮੈਂ ਇਹ ਨਹੀਂ ਦੱਸ ਸਕਦਾ ਕਿ ਭਵਿੱਖ ਦੀ ਰਾਜਨੀਤੀ 'ਚ ਕੀ ਵਾਪਰੇਗਾ, ਪਰ ਮਹਾਰਾਸ਼ਟਰ 'ਚ ਹੋਇਆ ਪ੍ਰਯੋਗ ਰਾਸ਼ਟਰੀ ਪੱਧਰ ‘ਤੇ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਧ ਵਿਧਾਇਕ ਹਨ, ਫਿਰ ਵੀ ਕਾਂਗਰਸ, ਐਨਸੀਪੀ ਅਤੇ ਸ਼ਿਵ ਸੈਨਾ ਇਸ ਦਾ ਮੁਕਾਬਲਾ ਕਰ ਰਹੀਆਂ ਹਨ।
ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਸੋਨੀਆ ਗਾਂਧੀ ਤੋਂ ਬਾਅਦ ਕੌਣ ਯੂਪੀਏ ਦੇ ਪ੍ਰਧਾਨ ਦਾ ਅਹੁਦਾ ਸੰਭਾਲੇਗਾ। ਸ਼ਰਦ ਪਵਾਰ ਸਭ ਤੋਂ ਸ਼ਕਤੀਸ਼ਾਲੀ ਦਾਅਵੇਦਾਰਾਂ 'ਚੋਂ ਇੱਕ ਹਨ।
ਇਸ ਦੌਰਾਨ ਮਹਾਰਾਸ਼ਟਰ 'ਚ ਇੱਕ ਨਵੀਂ ਪੇਂਡੂ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ ਜੋ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁੱਖੀ ਸ਼ਰਦ ਪਵਾਰ ਦੇ ਨਾਮ 'ਤੇ ਹੋਵੇਗੀ। ਮਹਾਂ ਵਿਕਾਸ ਅਘਾੜੀ ਦੇ ਮੁੱਖ ਸਿਰਜਣਹਾਰ ਮੰਨੇ ਜਾਣ ਵਾਲੇ ਪਵਾਰ 12 ਦਸੰਬਰ ਨੂੰ 80 ਸਾਲ ਦੇ ਹੋ ਜਾਣਗੇ।