ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਦਿਨੋਂ ਦਿਨ ਵੱਧ ਰਹੇ ਖ਼ੌਫ਼ ਨੂੰ ਵੇਖਦਿਆਂ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ਦੇ ਸਾਰੇ ਸੱਤ ਜ਼ਿਲ੍ਹਿਆਂ ਨੂੰ 31 ਮਾਰਚ ਤੱਕ ਲੌਕਡਾਊਨ ਕਰਦਿਆਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸਖ਼ਤ ਕਦਮ ਚੁੱਕਦਿਆਂ ਦਿੱਲੀ ਮੈਟਰੋ ਰੇਲ ਕੋਰਪੋਰੇਸ਼ਨ ਨੇ 31 ਮਾਰਚ ਤੱਕ ਮੈਟਰੋ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੋਰੋਨਾ ਦੇ ਖ਼ਤਰੇ ਤੋਂ ਨਜਿੱਠਣ ਲ਼ਈ ਕੇਂਦਰ ਸਰਕਾਰ ਦੇ ਕਦਮਾਂ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ।
ਦਿੱਲੀ ਵਿੱਚ ਲੌਕਡਾਊਨ 23 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ, ਜੋ 31 ਮਾਰਚ ਦੀ ਰਾਤ 12 ਵਜੇ ਤਕ ਜਾਰੀ ਰਹੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਸੰਕਰਮਨ ਤੀਜੇ ਪੜਾਅ 'ਤੇ ਪਹੁੰਚੇ ਅਤੇ ਮੌਤ ਦੀ ਗਿਣਤੀ ਬਹੁਤ ਵੱਧ ਜਾਵੇ। ਲੌਕਡਾਊਨ ਦੀ ਘੋਸ਼ਣਾ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਨਤਕ ਟ੍ਰਾਂਸਪੋਰਟ ਇਸ ਸਮੇਂ ਦੌਰਾਨ ਬੰਦ ਰਹਿਣਗੇ, ਪਰ ਡੀਟੀਸੀ ਦੀਆਂ 25 ਪ੍ਰਤੀਸ਼ਤ ਬੱਸਾਂ ਚੱਲਣਗੀਆਂ। ਇਸ ਵਿੱਚ ਪ੍ਰਾਈਵੇਟ ਬੱਸਾਂ, ਟੈਕਸੀਆਂ, ਰਿਕਸ਼ਾ ਅਤੇ ਈ-ਰਿਕਸ਼ਾ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਜਿੱਥੇ ਸਰਕਾਰ ਨੇ ਕਈ ਹਦਾਇਤਾਂ ਜਾਰੀ ਕੀਤੀਆਂ ਹਨ ਉੱਥੇ ਹੀ ਸਰਕਾਰ ਵੱਲੋਂ ਕਈ ਸਖ਼ਤ ਕਦਮ ਵੀ ਚੁੱਕੇ ਗਏ ਹਨ। ਕੋਵਿਡ 19 ਤੋਂ ਬਚਣ ਲਈ ਪੂਰੇ ਭਾਰਤ ਦੇ ਵੱਖ ਵੱਖ ਸੂਬਿਆਂ ਨੇ ਜਿੱਥੇ ਲੋਕਾਂ ਨੂੰ ਘਰੋਂ ਬਾਹਰ ਨਾ ਨਿੱਕਲਣ ਦੀ ਅਪੀਲ ਕੀਤੀ ਹੈ ਉੱਥੇ ਹੀ ਕਈ ਸੂਬਿਆਂ ਨੂੰ ਲੌਕਡਾਊਨ ਵੀ ਕੀਤਾ ਗਿਆ ਹੈ। ਜਿਸ ਤਰ੍ਹਾਂ ਲੋਕਾਂ ਨੇ ਸਮਝਦਾਰੀ ਵਿਖਾਉਂਦਿਆਂ ਅੱਜ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ ਉਸੇ ਤਰ੍ਹਾਂ ਹੀ ਇਹ ਜ਼ਰੂਰੀ ਹੈ ਕਿ ਲੋਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਰਕਾਰ ਦੇ ਨਾਲ ਖੜ੍ਹੇ ਹੋਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।