ਨਵੀਂ ਦਿੱਲੀ: ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ 10 ਮੈਂਬਰਾਂ ਅਤੇ ਈ.ਟੀ.ਪੀ. ਬੀ ਦੀ ਸਾਂਝੀ ਮੀਟਿੰਗ ਲਾਹੌਰ ਵਿਖੇ ਹੋਈ। ਇਸ ਮੌਕੇ ਈ.ਟੀ.ਪੀ.ਬੀ ਦੇ ਚੇਅਰਮੈਨ ਅਮੇਰ ਅਹਿਮਦ ਨੇ ਐਲਾਨ ਕੀਤਾ ਕਿ ਸ. ਸਤਵੰਤ ਸਿੰਘ ਖ਼ੈਬਰ ਪਖਤੂਨਵਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਮੀਰ ਸਿੰਘ ਲਾਹੌਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੇਸੀ ਗਊ ਦੀ ਸੇਵਾ ਕਰੀਏ ਕਿ ਵਿਦੇਸ਼ੀ ਦੀ ?
ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮੇਰ ਅਹਿਮਦ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਾਰੇ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਚੋਹਾ ਸਾਹਿਬ ਤੇ ਗੁਰਦੁਆਰਾ ਖਾਰਾ ਸਾਹਿਬ ਨੂੰ ਵੀ ਸੰਗਤਾਂ ਦੇ ਦਰਸ਼ਨਾਂ ਲਈ ਤਿਆਰ ਕਰ ਦਿੱਤਾ ਗਿਆ ਹੈ।
ਸਤਵੰਤ ਸਿੰਘ ਤੇ ਅਮੀਰ ਸਿੰਘ ਨੂੰ ਵਧਾਈ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਨਵੀਂ ਬਣੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਹਰ ਸੰਭਵ ਮਦਦ ਤੇ ਸਹਿਯੋਗ ਲਈ ਹਰ ਸਮੇਂ ਤਿਆਰ ਹਾਂ।
ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਜੋ ਨਗਰ ਕੀਰਤਨ ਦਿੱਲੀ ਤੋਂ ਪਾਕਿਸਤਾਨ ਜਾ ਰਿਹਾ ਹੈ ਉਸ ਸਮੇਂ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇੱਕ ਸੋਨੇ ਦੀ ਪਾਲਕੀ ਭੇਂਟ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਲਈ ਸੋਨੇ ਦਾ ਚੌਰ ਸਾਹਿਬ ਅਤੇ ਇੱਕ ਗੁਰੂ ਸਾਹਿਬ ਦਾ ਹੱਥ-ਲਿਖਤ ਸੁਨਹਿਰੀ ਸਰੂਪ(ਬੀੜ) ਵੀ ਲੈ ਕੇ ਜਾਇਆ ਜਾਵੇਗਾ।