ਕਰਨਾਲ: ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸੰਤ ਬਾਬਾ ਰਾਮ ਸਿੰਘ ਨੇ ਸਿੰਘੂ ਸਰਹੱਦ 'ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੰਤ ਬਾਬਾ ਰਾਮ ਸਿੰਘ ਕਰਨਾਲ ਦੇ ਪਿੰਡ ਸਿੰਗੜਾ ਦੇ ਗੁਰਦੁਆਰੇ ਵਿੱਚ ਰਹਿਣ ਵਾਲੇ ਸਨ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪਿੰਡ ਦੇ ਗੁਰਦੁਆਰੇ ਸਾਹਿਬ ਵਿੱਚ ਰੱਖਿਆ ਗਿਆ ਹੈ।
ਸੰਗਤ ਅਤੇ ਉਨ੍ਹਾਂ ਦੇ ਪੈਰੋਕਾਰ ਬਾਬਾ ਜੀ ਦੇ ਅੰਤਿਮ ਦਰਸ਼ਨਾਂ ਲਈ ਨਾ ਸਿਰਫ਼ ਹਰਿਆਣਾ ਸਗੋਂ ਪੰਜਾਬ ਅਤੇ ਹੋਰ ਸੂਬਿਆਂ ਤੋਂ ਆ ਰਹੇ ਹਨ। ਸਵੇਰ ਤੋਂ ਹੀ ਹਜ਼ਾਰਾਂ ਲੋਕ ਗੁਰੂਘਰ ਪਹੁੰਚ ਰਹੇ ਹਨ। ਅੱਜ ਪੂਰੇ ਦਿਨ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਨੂੰ ਗੁਰਦੁਆਰਾ ਸਾਹਿਬ ਵਿੱਚ ਹੀ ਰੱਖਿਆ ਗਿਆ ਹੈ ਅਤੇ ਭਲਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਕਰਨਾਲ ਦੇ ਸੰਤ ਬਾਬਾ ਰਾਮ ਸਿੰਘ ਨੇ ਸਿੰਘੂ ਸਰਹੱਦ 'ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਕਰਦੇ ਹੋਏ ਸਰਕਾਰ ਦੇ ਰਵੱਈਏ ਤੋਂ ਤੰਗ ਆ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਸੰਤ ਬਾਬਾ ਰਾਮ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।
ਸੰਤ ਨੇ ਸੁਸਾਈਡ ਨੋਟ ਵਿੱਚ ਕੀ ਲਿਖਿਆ ਹੈ?
ਕਿਸਾਨਾਂ ਦਾ ਦੁੱਖ ਵੇਖਿਆ, ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਬੈਠੇ ਹਨ। ਬਹੁਤ ਦਿੱਲ ਦੁਖਿਆ ਹੈ। ਸਰਕਾਰ ਇਨਸਾਫ਼ ਨਹੀਂ ਦੇ ਰਹੀ, ਜ਼ੁਲਮ ਹੈ। ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਅਤੇ ਜ਼ੁਲਮ ਖਿਲਾਫ਼ ਕੁੱਝ ਕੀਤਾ, ਕੁੱਝ ਨਹੀਂ ਕੀਤਾ। ਕਈਆਂ ਨੇ ਸਨਮਾਨ ਵਾਪਸ ਕੀਤੇ, ਇਨਾਮ ਵਾਪਸ ਕਰ ਆਪਣਾ ਰੋਸ ਜਤਾਇਆ। ਮੈਂ ਕਿਸਾਨਾਂ ਦੇ ਹੱਕ ਲਈ ਅਤੇ ਸਰਕਾਰ ਦੇ ਜ਼ੁਲਮਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਦਾ ਹਾਂ। ਇਹ ਜ਼ੁਲਮ ਵਿਰੁੱਧ ਆਵਾਜ਼ ਹੈ। ਇਹ ਕੀਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਹੈ।
22 ਦਿਨਾਂ ਤੋਂ ਜਾਰੀ ਹੈ ਕਿਸਾਨਾਂ ਦਾ ਪ੍ਰਦਰਸ਼ਨ
22 ਦਿਨਾਂ ਤੋਂ ਕਿਸਾਨ ਹਰਿਆਣਾ-ਦਿੱਲੀ ਸਿੰਘੂ ਬਾਰਡਰ 'ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਾਈ ਬੈਠੇ ਹਨ। ਹੜਤਾਲ ਕਰ ਰਹੇ ਹਨ, ਵੱਧ ਰਹੀ ਠੰਢ ਕਾਰਨ ਕਿਸਾਨਾਂ ਦੀ ਮੌਤ ਦੀ ਗਿਣਤੀ ਵੀ ਵੱਧ ਰਹੀ ਹੈ। ਸਿੰਘੂ ਸਰਹੱਦ 'ਤੇ ਹੁਣ ਤੱਕ 6 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।