ਹਨੁਮਾਨਗੜ੍ਹ: ਰਾਜਸਥਾਨ ਵਿੱਚ ਨੋਹਰ ਦੇ ਜਬਰਾਸਰ ਪਿੰਡ ਵਿੱਚ 88 ਕਾਵਾਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਹਲਚਲ ਮਚ ਗਈ ਹੈ। ਬਰਡ ਫਲੂ ਦੀ ਸੰਭਾਵਨਾ ਦੇ ਕਾਰਨ ਸੰਯੁਕਤ ਟੀਮ ਨੇ ਜਾਂਚ ਲਈ ਮਰੇ ਹੋਏ ਕਾਵਾਂ ਦੇ ਨਮੂਨੇ ਇਕੱਠੇ ਕੀਤੇ ਹਨ। ਸੈਂਪਲ ਜਾਂਚ ਲਈ ਭੋਪਾਲ ਲੈਬ ਵਿੱਚ ਭੇਜੇ ਗਏ ਹਨ। ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਆਸ਼ੂ ਸਿੰਘ ਭਾਟੀ ਨੇ ਦੱਸਿਆ ਕਿ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਜਬਰਾਸਰ ਵਿੱਚ ਪੰਛੀਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ।
ਅਜੇ ਤੱਕ ਇਸ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਜਿਸ ਖੇਤਰ ਵਿੱਚ ਮ੍ਰਿਤਕ ਕਾਵਾਂ ਨੂੰ ਪਾਇਆ ਗਿਆ ਹੈ, ਸਰਦੀਆਂ ਦਾ ਪ੍ਰਭਾਵ ਬੇਹੱਦ ਜ਼ਿਆਦਾ ਹੈ। ਇਸ ਦੇ ਨਾਲ ਹੀ ਡੀਐਫਓ ਕਰਨ ਸਿੰਘ ਕਾਜਲਾ ਨੇ ਦੱਸਿਆ ਕਿ ਕਾਵਾਂ ਦੇ ਮ੍ਰਿਤਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹਿਲੇ ਪੜਾਅ ਦੀ ਜਾਂਚ ਪੂਰੀ ਕਰ ਲਈ ਹੈ। ਕੋਰੋਨਾ ਮਹਾਂਮਾਰੀ ਦੇ ਵਿਚਾਲੇ, ਰਾਜ ਦੇ ਕਈ ਸਾਰੇ ਜ਼ਿਲ੍ਹੇ ਬਰਡ ਫਲੂ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਤਹਿਤ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਨੇ ਜੰਗਲਾਂ ਦੇ ਇਲਾਕਿਆਂ ਦੀ ਨਿਗਰਾਨੀ ਵਿੱਚ ਵੀ ਵਾਧਾ ਕੀਤਾ ਹੈ ਅਤੇ ਅਲਰਟ ਜਾਰੀ ਕੀਤਾ ਹੈ।
ਬਰਡ ਫਲੂ ਬਾਰੇ ਅਲਰਟ ਮੋਡ 'ਤੇ ਸੂਬਾ ਸਰਕਾਰ
ਰਾਜਸਥਾਨ ਵਿੱਚ ਹੁਣ ਪਸ਼ੂ ਪਾਲਣ ਵਿਭਾਗ ਬਰਡ ਫਲੂ ਬਾਰੇ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਖੇਤੀਬਾੜੀ ਮੰਤਰੀ ਲਾਲਚੰਦ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਸ ਸਬੰਧੀ ਪੂਰੀ ਤਰ੍ਹਾਂ ਨਾਲ ਕਾਰਵਾਈ ਵਿੱਚ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਲਾਲਚੰਦ ਕਟਾਰੀਆ ਨੇ ਕਿਹਾ ਕਿ ਵਿਭਾਗ ਇਸ ਸਬੰਧੀ ਕਾਰਵਾਈ ਕਰ ਰਿਹਾ ਹੈ।
ਦੱਸ ਦੱਈਏ ਕਿ ਹੁਣ ਤੱਕ ਰਾਜ ਵਿੱਚ 245 ਕਾਵਾਂ ਦੀ ਮੌਤ ਹੋਈ ਹੈ। ਇਹ ਮੌਤਾਂ ਕੋਟਾ, ਝਾਲਾਵਾੜ, ਬਾਰਾਂ, ਪਾਲੀ ਵਿੱਚ ਹੋਈ ਹੈ, ਜਦੋਂ ਕਿ ਜੈਪੁਰ ਦੇ ਜਲ ਮਹਿਲ ਵਿੱਚ 7 ਕਾਵਾਂ ਦੀ ਮੌਤ ਹੋਈ ਹੈ। ਇਨ੍ਹਾਂ ਮੌਤਾਂ ਦੇ ਸਬੰਧ ਵਿੱਚ ਡਾਇਰੈਕਟੋਰੇਟ ਵਿੱਚ ਇੱਕ ਰਾਜ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਸਾਰੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝਾ ਕਰ ਰਿਹਾ ਹੈ।