ਸਿੰਘੂ ਬਾਰਡਰ/ ਨਵੀਂ ਦਿੱਲੀ: ਕਿਸਾਨ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਉੱਥੇ ਹੀ ਸਰਕਾਰ ਦੇ ਰਵੱਈਆ ਨਿੰਦਣਯੋਗ ਹੈ। ਕਰਨਾਲ ਦੇ ਸਿੰਗੜਾ ਪਿੰਡ ਦੇ ਗੁਰਦੁਆਰੇ 'ਚ ਰਹਿਣ ਵਾਲੇ ਸੰਤ ਬਾਬਾ ਰਾਮ ਸਿੰਘ ਨੇ ਅੱਜ ਸਿੰਘੂ ਬਾਰਡਰ 'ਤੇ ਖ਼ੁਦ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਸੰਤ ਬਾਬਾ ਰਾਮ ਸਿੰਘ ਕਿਸਾਨਾਂ ਦੇ ਸਮਰਥਨ 'ਚ ਸਿੰਘੂ ਬਾਰਡਰ ਆਏ ਹੋਏ ਸਨ ਅਤੇ ਉੱਥੇ ਹੀ ਉਨ੍ਹਾਂ ਨੇ ਇਹ ਕਦਮ ਚੁੱਕਿਆ, ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਬਾ ਰਾਮ ਸਿੰਘ ਕਰਨਾਲ ਦੇ ਨਾਮੀ ਸੰਤ ਸਨ ਅਤੇ ਵੱਡੇ ਗੁਰਦੁਆਰੇ ਦੀ ਵੱਡੀ ਗੱਦੀ 'ਤੇ ਸੁਸ਼ੋਭਿਤ ਸਨ। ਉਨ੍ਹਾਂ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ 'ਚ ਉਨ੍ਹਾਂ ਨੇ ਸਰਕਾਰ ਤੋਂ ਦੁਖੀ ਹੋ ਖ਼ੁਦਕੁਸ਼ੀ ਦਾ ਕਦਮ ਚੁੱਕਣ ਦੀ ਗੱਲ ਲਿਖੀ ਹੈ।
ਮੌਕੇ 'ਤੇ ਪਹੁੰਚੀ ਸੰਗਤ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਸੁਲਝੇ ਹੋਏ ਸੰਤ ਸਨ ਅਤੇ ਉਨ੍ਹਾਂ ਇਹ ਕੁਰਬਾਨੀ ਆਪਣੇ ਕਿਸਾਨ ਭਾਈਚਾਰੇ ਲਈ ਦਿੱਤੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜੇ ਵੀ ਸ਼ਰਮ ਨਹੀਂ ਆਈ ਤਾਂ ਕਦ ਆਵੇਗੀ।
ਬਾਬਾ ਜੀ ਦੀ ਮੌਤ ਨਾਲ ਸੰਗਤਾਂ 'ਚ ਦੁੱਖ ਹੈ ਕੇਂਦਰ ਵਿਰੁੱਧ ਰੋਸ ਵੀ। ਸੰਗਤਾਂ ਦਾ ਕਹਿਣਾ ਹੈ ਕਿ ਬਾਬਾ ਜੀ ਦੀ ਇਹ ਸ਼ਹਾਦਤ ਹੈ ਅਤੇ ਇਸ ਸ਼ਹਾਦਤ ਦਾ ਨਤੀਜਾ ਸਰਕਾਰ ਨੂੰ ਭੁਗਤਨਾ ਜ਼ਰੂਰ ਪਵੇਗਾ।