ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕਰਕੇ 8 ਮਹੀਨਿਆਂ ਤੋਂ ਇਰਾਕ ਵਿਚ ਫਸੇ ਰਹਿਣ ਮਗਰੋਂ ਵਤਨ ਪਰਤੇ 7 ਪੰਜਾਬੀ ਨੌਜਵਾਨਾਂ ਦਾ ਸਵਾਗਤ ਕੀਤਾ ਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਠੱਗ ਟਰੈਵਲ ਏਜੰਟਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਹੜ੍ਹ 'ਚ ਫਸੀ ਮਹਾਲਕਸ਼ਮੀ ਐਕਸਪ੍ਰੈਸ, ਸਾਰੇ ਯਾਤਰੀ ਸੁਰੱਖਿਅਤ ਕੱਢੇ ਬਾਹਰ
ਹਰਸਿਮਰਤ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੌਜਵਾਨਾਂ ਦੀ ਵਾਪਸੀ ਲਈ ਟਿਕਟਾਂ ਦਾ ਪ੍ਰਬੰਧ ਕੀਤਾ। ਉੱਥੇ ਹੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਟਰੈਵਲ ਏਜੰਟਾਂ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਖਾਣੇ ਅਤੇ ਰਹਿਣ ਦੇ ਪ੍ਰਬੰਧ ਤੋਂ ਇਲਾਵਾ 700 ਤੋਂ 800 ਡਾਲਰ ਪ੍ਰਤੀ ਮਹੀਨਾ ਤਨਖ਼ਾਹ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਇਰਾਕ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲਗਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।
ਏਜੰਟ ਨੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਹਾਸਿਲ ਕੀਤੀਆਂ ਸਨ ਤੇ ਉਨ੍ਹਾਂ ਕੋਲ ਕੰਮ ਕਰਨ ਦਾ ਕੋਈ ਪਰਮਿਟ ਨਹੀਂ ਸੀ ਜਿਸ ਕਰਕੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਤੇ ਉਲਟ ਉੁਨ੍ਹਾਂ 'ਤੇ ਰੋਜ਼ਾਨਾ ਜ਼ੁਰਮਾਨਾ ਲੱਗਦਾ ਸੀ, ਜੋ ਕਿ 8 ਮਹੀਨਿਆਂ 'ਚ 14 ਹਜ਼ਾਰ ਡਾਲਰ ਹੋ ਗਿਆ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਤੱਕ ਕੀਤੀ ਪਹੁੰਚ ਮਗਰੋਂ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਚ ਦਖ਼ਲ ਦਿੱਤਾ ਤੇ ਇਰਬਿਲ ਦੇ ਕੌਂਸਲ ਜਨਰਲ ਨੇ ਕਿਸੇ ਸਪਾਂਸਰ ਰਾਹੀਂ ਜ਼ੁਰਮਾਨੇ ਦੀ ਅਦਾਇਗੀ ਕਰਵਾ ਕੇ ਇਸ ਮਸਲੇ ਨੂੰ ਹੱਲ ਕਰਵਾਇਆ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਠੱਗਣ ਵਾਲੇ ਸਾਰੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਸਾਰੀਆਂ ਔਰਤਾਂ ਨੂੰ ਵਾਪਸ ਲਿਆਉਣ ਲਈ ਹੰਗਾਮੀ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨੂੰ ਵਿਦੇਸ਼ਾਂ 'ਚ ਨੌਕਰੀਆਂ ਦਿਵਾਉਣ ਦੇ ਬਹਾਨੇ ਇਰਾਕ ਤੇ ਦੂਜੀਆਂ ਥਾਂਵਾਂ 'ਤੇ ਵੇਚ ਦਿੱਤਾ ਗਿਆ ਹੈ।