ਨਵੀਂ ਦਿੱਲੀ : ਦਿੱਲੀ ਦੀ ਕਾਂਗਰਸ ਪ੍ਰਮੁੱਖ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਸੋਮਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਨੂੰ ਪੱਤਰ ਲਿਖ ਕੇ ਖੇਤਰ ਵਿੱਚ ਵੱਧ ਰਹੀਆਂ ਅਪਰਾਧਕ ਵਾਰਦਾਤਾਂ ਨੂੰ ਲੈ ਕੇ ਚਿੰਤਾ ਜਤਾਈ। ਦਿਕਸ਼ਿਤ ਦਾ ਪੱਤਰ ਮੁਖਰਜੀ ਨਗਰ ਦੇ ਇਲਾਕੇ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਇੱਕ ਟੈਂਪੋ ਚਾਲਕ ਦੀ ਮਾਰ ਕੁਟਾਈ ਦੇ ਮੱਦੇਨਜ਼ਰ ਆਇਆ ਹੈ।
ਪੱਤਰ ਵਿੱਚ ਸਾਬਕਾ ਮੁੱਖ ਮੰਤਰੀ ਨੇ ਬੈਜਲ ਦਾ ਧਿਆਨ ਦਿੱਲੀ ਵਿੱਚ ਵੱਧਦੀਆਂ ਘਟਨਾਵਾਂ ਵੱਲ ਖਿੱਚਿਆ ਅਤੇ ਦਿੱਲੀ ਪੁਲਿਸ ਨੂੰ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਹੋਰ ਚੌਕਸ ਰਹਿਣ ਲਈ ਉਨ੍ਹਾਂ ਨਾਲ ਇਸ ਮਾਮਲੇ ਵਿੱਚ ਜ਼ਿਆਦਾ ਧਿਆਨ ਦੇਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਦੇ ਕਈ ਇਲਾਕਿਆਂ ਵਿੱਚ ਲੁੱਟ-ਖੋਹ, ਚੋਰੀ ਅਤੇ ਕਤਲ ਵਰਗੀਆਂ ਵਾਰਦਾਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵਿਕਾਸਪੁਰੀ, ਮੁਖਰਜੀ ਨਗਰ, ਰੋਹਿਣੀ ਵਰਗੇ ਇਲਾਕਿਆਂ 'ਚ ਪਿਛਲੇ ਦਿਨਾਂ ਤੋਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ ਵਿੱਚ ਇੱਕ ਦਿਨ 'ਚ 5 ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਵਧਦੀਆਂ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਲਿਖਿਆ, "ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿਖੇ 5 ਕਤਲ ਦੇ ਮਾਮਲੇ ਹੋਣਾ ਗੰਭੀਰ ਸਮੱਸਿਆ ਹੈ। ਮੈਂ ਉਪ-ਰਾਜਪਾਲ ਦਿੱਲੀ ਅਤੇ ਗ੍ਰਹਿ ਮੰਤਰਾਲਾ ਤੋਂ ਅਪੀਲ ਕਰਦਾ ਹਾਂ ਕਿ ਉਹ ਤਤਕਾਲ ਰਾਸ਼ਟਰੀ ਰਾਜਧਾਨੀ ਦੀ ਕਾਨੂੰਨ ਵਿਵਸਥਾ ਵੇਖਣ।"