ਨਵੀਂ ਦਿੱਲੀ: ਚੀਨ ਨੂੰ ਅਸਿੱਧੇ ਤੌਰ 'ਤੇ ਸੰਦੇਸ਼ ਦਿੰਦੇ ਹੋਏ ਭਾਰਤ ਨੇ ਦੱਖਣੀ ਚੀਨ ਸਾਗਰ 'ਤੇ ਭਰੋਸਾ ਘੱਟ ਕਰਨ ਵਾਲੇ 'ਕਦਮਾਂ ਅਤੇ ਘਟਨਾਵਾਂ' 'ਤੇ ਚਿੰਤਾ ਜ਼ਾਹਰ ਕੀਤੀ ਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਅਤੇ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਲਈ ਸਤਿਕਾਰ ਹੋਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 15ਵੇਂ ਪੂਰਬੀ ਏਸ਼ੀਆ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਗੱਲ ਕੀਤੀ।
ਜੈਸ਼ੰਕਰ ਨੇ ਹਿੰਦ-ਪ੍ਰਸ਼ਾਂਤ ਖੇਤਰ ਲਈ ਕਈ ਦੇਸ਼ਾਂ ਦੀਆਂ ਹਾਲ ਹੀ ਵਿੱਚ ਐਲਾਨੀਆਂ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਸਹਿਯੋਗ ਦੀ ਵਚਨਬੱਧਤਾ ਹੈ ਤਾਂ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਵਿਵਸਥਿਤ ਕਰਨਾ ਕਦੇ ਵੀ ਚੁਣੌਤੀ ਨਹੀਂ ਹੋਵੇਗੀ। ਡਿਜੀਟਲ ਸੰਮੇਲਨ ਦੀ ਪ੍ਰਧਾਨਗੀ ਵਿਅਤਨਾਮ ਦੇ ਪ੍ਰਧਾਨ ਮੰਤਰੀ ਗੁਯੇਨ ਜ਼ੁਆਨ ਫੁਕ ਨੇ ਏਸੀਆਨ ਦੇ ਮੁੱਖੀ ਵਜੋਂ ਕੀਤੀ। ਇਸ ਵਿੱਚ ਈਏਐਸ ਦੇ ਸਾਰੇ ਮੈਂਬਰ ਦੇਸ਼ ਸ਼ਾਮਲ ਹੋਏ। ਇਸ ਸਮੂਹ ਵਿੱਚ ਏਸੀਆਨ ਦੇ 10 ਦੇਸ਼ਾਂ ਤੋਂ ਇਲਾਵਾ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਰੂਸ ਸ਼ਾਮਲ ਹਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਈਏਐਸ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨ, ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨ ਅਤੇ ਨਿਯਮ ਅਧਾਰਤ ਗਲੋਬਲ ਆਰਡਰ ਨੂੰ ਉਤਸ਼ਾਹਤ ਕਰਨ 'ਤੇ ਜ਼ੋਰ ਦਿੱਤਾ।