ਤਿਰੂਵਨੰਤਪੁਰਮ: ਕੇਰਲ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਮੁੱਖ ਮੰਤਰੀ ਪਿਨਰਾਈ ਵਿਜੈਯਨ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਪ੍ਰਸਤਾਵ ਪਾਸ ਕੀਤਾ ਹੈ। ਜਿਸ ਨੂੰ ਭਾਜਪਾ ਦੇ ਇੱਕ ਵਿਧਾਇਕ ਓ ਰਾਜਗੋਪਾਲ ਨੇ ਸਮਰਥਨ ਦਿੱਤਾ ਹੈ। ਪ੍ਰਧਾਨ ਪੀ. ਰਾਮਕ੍ਰਿਸ਼ਨਨ ਨੇ ਕਿਹਾ ਕਿ ਵਿਧਾਨਸਭਾ ਦੇ ਵਿਸ਼ੇਸ਼ ਇਜ਼ਲਾਸ ਵਿੱਚ ਆਵਾਜ਼ ਨਾਲ ਪ੍ਰਸਤਾਵ ਨੂੰ ਸਹਿਮਤੀ ਨਾਲ ਪਾਸ ਕੀਤਾ ਗਿਆ ਹੈ। ਹਾਲਾਕਿ ਰਾਜਗੋਪਾਲ ਦਾ ਸਮਰਥਨ ਮਿਲਣ ਤੋਂ ਬਾਅਦ ਵਿਵਾਦ ਵੱਧ ਗਿਆ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਕਹੀ ਹੈ।
ਰਾਜਗੋਪਾਲ ਦਾ ਬਿਆਨ, ਵਿਧਾਨ ਸਭਾ ਵਿੱਚ ਆਮ ਸਹਿਮਤੀ ਦੀ ਕੀਤੀ ਪਾਲਣਾ
ਰਾਜਗੋਪਾਲ ਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਕਿ ਮੈਂ ਪ੍ਰਸਤਾਵ ਦਾ ਸਮਰਥਨ ਕਰਦਾ ਹਾਂ ਪਰ ਇਸ ਦੇ ਕੁਝ ਹਿੱਸਿਆ ਵਿੱਚ ਵਿਰੋਧ ਵੀ ਕੀਤਾ ਹੈ। ਮੈਂ ਵਿਧਾਨ ਸਭਾ ਵਿੱਚ ਆਮ ਸਹਿਮਤੀ ਦਾ ਪਾਲਣਾ ਕੀਤਾ ਹੈ ਅਤੇ ਅਜਿਹਾ ਮੈਂ ਲੋਕਤੰਤਰਿਕ ਭਾਵਨਾ ਦੇ ਤਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰ ਮੈਨੂੰ ਇਨ੍ਹਾਂ ਕਾਨੂੰਨਾਂ ਦੀ ਵਿਆਖਿਆ ਉੱਤੇ ਕੁਝ ਏਤਰਾਜ਼ ਹੈ।
ਇਜ਼ਲਾਸ ਕਿਸਾਨਾਂ ਪ੍ਰਤੀ ਇੱਕਜੁਟਤਾ ਪ੍ਰਗਟ ਕਰਨ ਲਈ ਕੀਤਾ ਆਯੋਜਿਤ
ਇਹ ਪ੍ਰਸਤਾਵ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੁਲਾਏ ਗਏ ਵਿਸ਼ੇਸ਼ ਇਜ਼ਲਾਸ ਵਿੱਚ ਪਾਸ ਕੀਤਾ ਗਿਆ ਹੈ। ਵਿਧਾਨ ਸਭਾ ਦਾ ਇਹ ਇਜ਼ਲਾਸ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਪ੍ਰਤੀ ਇੱਕਜੁਟਤਾ ਪ੍ਰਗਟ ਕਰਨ ਦੇ ਲਈ ਆਯੋਜਿਤ ਕੀਤਾ ਗਿਆ ਸੀ। ਮਾਕਪਾ ਨੀਤ ਵਾਮ ਲੋਕਤੰਤਰਿਕ ਮੋਰਚੇ ਅਤੇ ਕਾਂਗਰਸ ਨੀਤ ਸੰਯੁਕਤ ਲੋਕਤੰਤਰਿਕ ਮੋਰਚੇ ਦੇ ਮੈਂਬਰਾਂ ਨੇ ਇਸ ਪ੍ਰਸਤਾਵ ਨੂੰ ਸਮਰਥਨ ਦਿੱਤਾ ਹੈ।
ਕਾਨੂੰਨਾਂ 'ਚ ਸੋਧ ਉਦਯੋਗਪਤੀਆਂ ਦੀ ਮਦਦ ਲਈ ਕੀਤੀ
ਪ੍ਰਸਤਾਵ ਪੇਸ਼ ਕਰਦੇ ਹੋਏ ਮੁੱਖ ਮੰਤਰੀ ਪਿਨਰਈ ਵਿਜੇਯਨ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਦੇ ਕਾਨੂੰਨਾਂ ਵਿੱਚ ਸੋਧ ਉਦਯੋਗਪਤੀਆਂ ਦੀ ਮਦਦ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਸੰਸਦ ਦੀ ਸਥਾਈ ਕਮੇਟੀ ਵਿੱਚ ਭੇਜੇ ਬਿਨਾਂ ਪਾਸ ਕਰਵਾਇਆ ਗਿਆ ਹੈ। ਜੇਕਰ ਇਹ ਪ੍ਰਦਰਸ਼ਨ ਜਾਰੀ ਰਹਿੰਦਾ ਹੈ ਤਾਂ ਇੱਕ ਰਾਜ ਦੇ ਤੌਰ ਉੱਤੇ ਕੇਰਲ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰੇਗਾ।