ਨਵੀਂ ਦਿੱਲੀ: ਭਾਰਤ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਰਾਜਪਥ 'ਤੇ ਭਾਰਤ ਦੀ ਵਧਦੀ ਫੌਜੀ ਤਾਕਤ ਦਾ ਅਦਭੁੱਤ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਰਾਜਪਥ ਉੱਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਵੀ ਸ਼ਾਮਿਲ ਸਨ।
- ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਰਾਜਪਥ ਉੱਤੇ ਹੈਰਾਨੀਜਨਕ ਕਾਰਨਾਮੇ ਦਿਖਾਏ। ਇਸ ਸਮੇਂ ਦੌਰਾਨ ਜਦੋਂ ਇੱਕ ਸੁਖੋਈ ਲੜਾਕੂ ਜਹਾਜ਼ ਨੇ 900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰੀ ਤਾਂ ਪੀਐਮ ਮੋਦੀ ਵੀ ਹੈਰਾਨ ਰਹਿ ਗਏ।
- ਗਣਤੰਤਰ ਦਿਵਸ ਪ੍ਰੋਗਰਾਮ ਵਿੱਚ ਤਿੰਨ ਸੁਖੋਈ ਜਹਾਜ਼ਾਂ ਨੇ ਹਵਾ ਵਿੱਚ ਤ੍ਰਿਸ਼ੂਲ ਬਣਾ ਕੇ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਦਿਖਾਇਆ। ਕਪਤਾਨ ਨਿਸ਼ਿਤ ਓਹਰੀ ਇਸ ਦੀ ਅਗਵਾਈ ਕਰ ਰਹੇ ਸਨ। ਦੂਜੇ ਦੋ ਜਹਾਜ਼ ਵਿੰਗ ਕਮਾਂਡਰ ਨੀਲੇਸ਼ ਦੀਕਸ਼ਿਤ ਅਤੇ ਵਿੰਗ ਕਮਾਂਡਰ ਕਰਨ ਡੋਗਰਾ ਉਡਾ ਰਹੇ ਸਨ।
- ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਵਾਰ ਮੈਮੋਰਿਅਲ ਵਿਖੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
- ਉਨ੍ਹਾਂ ਦੇ ਨਾਲ ਮੌਜੂਦਾ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ, ਆਰਮੀ ਚੀਫ਼ ਜਨਰਲ ਮਨੋਜ ਮੁਕੰਦ ਨਰਵਾਣੇ, ਜਲ ਸੈਨਾ ਚੀਫ਼ ਕਰਮਬੀਰ ਸਿੰਘ ਅਤੇ ਏਅਰਫੋਰਸ ਦੇ ਚੀਫ ਏਅਰ ਮਾਰਸ਼ਲ ਆਰਕੇਐਸ ਭਦੌਰੀਆ ਵੀ ਸਨ।
- ਰਾਸ਼ਟਰੀ ਗੀਤ ਅਤੇ 21 ਤੋਪਾਂ ਦੀ ਸਲਾਮੀ ਨਾਲ ਰਾਸ਼ਟਰਪਤੀ ਨੇ ਤਿਰੰਗਾ ਲਹਿਰਾਇਆ। ਇਸ ਸਾਲ ਦੇ ਮੁੱਖ ਮਹਿਮਾਨ ਵਜੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਭਾਰਤ ਦੀਆਂ ਝਾਂਕੀਆਂ ਵੇਖਿਆ।
- ਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਆਰਥਿਕ ਪ੍ਰਗਤੀ ਨੂੰ ਦਰਸਾਉਂਦੀ 22 ਝਾਕੀਆਂ ਵਿੱਚੋਂ 16 ਝਾਂਕੀਆਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਨ ਅਤੇ ਹੋਰ 6 ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਸਨ। ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਪੂਰੇ 90 ਮਿੰਟ ਤੱਕ ਚੱਲਿਆ।
- 5 ਅਪਾਚੇ ਹੈਲੀਕਾਪਟਰਾਂ ਨੇ ਰਾਜਪਥ ਦੇ ਉੱਪਰ ਵੀ ਉਡਾਣ ਭਰੀ। ਗਣਤੰਤਰ ਦਿਵਸ ਸਮਾਰੋਹ ਵਿੱਚ ਪਹਿਲੀ ਵਾਰ ਮਹਿਲਾਂ ਬਾਈਕਰਸ ਨੇ ਕਰਤਬ ਦਿਖਾਏ।
- ਪ੍ਰੋਗਰਾਮ ਦੌਰਾਨ ਰਾਜਸਥਾਨ, ਛੱਤੀਸਗੜ, ਤੇਲੰਗਾਨਾ, ਪੰਜਾਬ, ਅਸਮ, ਗੋਆ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਓਡੀਸ਼ਾ, ਕਰਨਾਟਕ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਸਮੇਤ ਕਈ ਰਾਜਾਂ ਨੇ ਆਪਣੀ-ਆਪਣੀ ਝਾਕੀਆਂ ਵਿੱਚ ਦੇਸ਼ ਅਤੇ ਰਾਜ ਦੇ ਸਭਿਆਚਾਰ ਦੀ ਵਿਲੱਖਣ ਝਲਕ ਦਿਖਾਈ।