ਰੁਦਰਪ੍ਰਯਾਗ : ਇਸ ਸਾਲ ਦੇ ਸੀਜ਼ਨ ਵਿੱਚ ਕੇਦਾਰਨਾਥ ਧਾਮ ਪਹੁੰਚਣ ਵਾਲੇ ਯਾਤਰੀਆਂ ਦੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਮਹਿਜ਼ ਢਾਈ ਮਹੀਨੇ ਦੀ ਯਾਤਰਾ ਵਿੱਚ ਹੁਣ ਤੱਕ ਇੱਥੇ ਲਗਭਗ 8 ਲੱਖ ਸ਼ਰਧਾਲੂ ਪਹੁੰਚ ਚੁੱਕੇ ਹਨ।
ਜੇ ਪੁਰਾਣੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪਹਿਲਾਂ ਪੂਰੇ ਯਾਤਰਾ ਸੀਜ਼ਨ ਵਿੱਚ ਵੀ ਇੰਨੇ ਸ਼ਰਧਾਲੂ ਨਹੀਂ ਪਹੁੰਚਦੇ ਸੀ। ਇਸ ਸਾਲ ਤਾਂ ਪਿਛਲੀ ਵਾਰ ਦੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪੁੱਜ ਕੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਪਿਛਲੇ ਸਾਲ 7 ਲੱਖ 32 ਹਜ਼ਾਰ 241 ਸ਼ਰਧਾਲੂ ਕੇਦਾਰਨਾਥ ਗਏ ਸਨ। ਇਸ ਸਾਲ 77 ਦਿਨਾਂ ਵਿੱਚ 8 ਲੱਖ 1 ਹਜ਼ਾਰ 620 ਸ਼ਰਧਾਲੂ ਆਏ ਹਨ। ਇਸੇ ਸਮੇਂ, ਕੇਵਲ 77 ਦਿਨ ਚਾਰ ਧਮ ਆਉਣ ਵਾਲੇ ਯਾਤਰੀਆਂ ਦੀ ਗਿਣਤੀ 24 ਲੱਖ 45 ਹਜ਼ਾਰ 182 ਤੱਕ ਪਹੁੰਚ ਗਈ ਹੈ।
ਕੇਦਾਰਨਾਥ ਦੀ ਯਾਤਰਾ ਕਈ ਕਾਰਨਾਂ ਕਰਕੇ ਇਤਿਹਾਸਕ ਮੰਨੀ ਜਾਂਦੀ ਹੈ। ਇੱਥੇ ਯਾਤਰੀਆਂ ਨੂੰ ਨਵੀਂ ਕੇਦਾਰਪੁਰੀ ਵੇਖਣ ਨੂੰ ਮਿਲੀ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੋ ਦਿਨ ਕੇਦਾਰਨਾਥ ਵਿੱਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਗਰੂੜ ਚਿੱਟੀ ਸਥਿਤ ਗੂਫ਼ਾ ਵਿੱਚ ਰਾਤ ਗੁਜ਼ਾਰੀ ਸੀ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਬਾਅਦ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਹਲਾਂਕਿ ਜੂਨ ਮਹੀਨੇ ਵਿੱਚ ਕੁਝ ਹੱਦ ਤੱਕ ਵਿਵਸਥਾਵਾਂ ਘੱਟ ਗਈਆਂ ਸਨ ਅਤੇ ਇਥੇ ਯਾਤਰੀਆਂ ਦੇ ਸੌਣ ਅਤੇ ਖਾਣੇ ਦੀ ਸਹੀ ਵਿਵਸਥਾ ਨਹੀਂ ਹੋ ਸਕੀ ਸੀ। ਸ਼ਰਧਾਲੂਆਂ ਨੂੰ ਕੇਦਾਰਨਾਥ ਦਰਸ਼ਨ ਕਰਨ ਲਈ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਸਾਉਣ ਦਾ ਮਹੀਨਾ ਸ਼ੁਰੂ ਹੁੰਦੇ ਯਾਤਰੀਆਂ ਦੀ ਗਿਣਤੀ ਵੱਧ ਗਈ। ਇਹ ਕਿਹਾ ਜਾ ਸਕਦਾ ਹੈ ਕਿ ਕੇਦਾਰਨਾਥ ਵਿੱਚ ਵਾਪਰੀ ਤ੍ਰਾਸਦੀ ਤੋਂ ਬਾਅਦ ਇਥੇ ਫੈਲੀ ਚੁੱਪੀ ਟੁੱਟ ਗਈ ਹੈ ਅਤੇ ਸਥਾਨਕ ਲੋਕਾਂ ਨੂੰ ਚੰਗੀ ਕਮਾਈ ਕਰਨ ਦਾ ਮੁੜ ਮੌਕਾ ਮਿਲਿਆ ਹੈ। ਇਸ ਦੇ ਨਾਲ ਉਨ੍ਹਾਂ ਦੀ ਆਰਥਕ ਸਥਿਤੀ ਮੁੜ ਠੀਕ ਹੋਣ ਦੇ ਆਸਾਰ ਹਨ।