ਨਵੀਂ ਦਿੱਲੀ: ਚੀਨ ਅਤੇ ਇਟਲੀ ਜਿਹੇ ਦੇਸ਼ਾਂ ਦੇ ਬਾਅਦ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਬਿਮਾਰੀ ਤੋਂ ਬਚਣ ਲਈ ਕਈ ਲੋਕ ਜ਼ਿਆਦਾ ਤੋਂ ਜ਼ਿਆਦਾ ਮਾਸਕ ਖ਼ਰੀਦ ਰਹੇ ਹਨ। ਬਾਜ਼ਾਰ ਵਿੱਚ ਮਾਸਕ ਦੀ ਮੰਗ ਵਧਣ ਕਰਕੇ ਮਾਸਕ ਦੇ ਰੇਟਾਂ ਵਿੱਚ ਕਈ ਗੁਣਾਂ ਇਜ਼ਾਫਾ ਹੋਇਆ ਹੈ, ਜਿਸਦੇ ਚਲਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਪਹਿਚਾਣ ਹੋ ਜਾਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਸਿਹਤ ਵਿਭਾਗ ਤੋਂ ਲੈ ਕੇ ਆਮ ਲੋਕ ਇਸ ਵਾਇਰਸ ਤੋਂ ਡਰੇ ਹੋਏ ਹਨ।
ਇਸ ਦੇ ਚਲਦੇ ਲੋਕ ਮੈਡੀਕਲ ਸਟੋਰ 'ਤੇ ਜਾ ਕੇ ਮਾਸਕ ਖਰੀਦਣਾ ਚਾਹੁੰਦੇ ਹਨ ਪਰ ਜਦੋ ਲੋਕ ਮੈਡੀਕਲ ਸਟੋਰ 'ਤੇ ਪਹੁੰਚਦੇ ਹਨ ਅਤੇ ਮਾਸਕ ਦੇ ਰੇਟ ਪਤਾ ਕਰਦੇ ਹਨ ਤਾਂ ਉਨ੍ਹਾਂ ਦੇ ਪੈਰਾ ਥੱਲੋ ਜ਼ਮੀਨ ਖਿਸਕ ਜਾਂਦੀ ਹੈ। ਦੋ ਦਿਨਾਂ ਵਿੱਚ ਮਾਸਕ ਦੀ ਮੰਗ ਜ਼ਿਆਦਾ ਹੋਣ ਕਰਕੇ ਮਾਸਕ ਦੇ ਰੇਟਾਂ ਵਿੱਚ ਕਈ ਗੁਣਾ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਕੱਲ ਤੱਕ ਜੋ ਮਾਸਕ 4 ਤੋਂ 5 ਰੁਪਏ ਵਿੱਚ ਮਿਲ ਰਿਹਾ ਸੀ, ਹੁਣ ਉਹੀ ਮਾਸਕ 30 ਤੋਂ 40 ਰੁਪਏ ਵਿੱਚ ਮਿਲ ਰਿਹਾ ਹੈ, ਜੋ N95 170 ਰੁਪਏ ਦਾ ਸੀ ਹੁਣ 350-400 ਰੁਪਏ ਤੱਕ ਪਹੁੰਚ ਗਿਆ ਹੈ।
ਇਹ ਵੀ ਪੜੋ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 28 ਮਾਮਲਿਆਂ ਦੀ ਹੋਈ ਪੁਸ਼ਟੀ
ਜਿਸ ਤਰੀਕੇ ਨਾਲ ਮਾਸਕ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਉਸ ਨਾਲ ਖਾਸਕਾਰ ਜੋ ਗਰੀਬ ਤਬਕੇ ਦੇ ਲੋਕ ਹਨ ਉਨ੍ਹਾਂ ਦੇ ਸਾਹਮਣੇ ਮੁਸ਼ਕਿਲ ਖੜੀ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਪਾਸੇ ਮਾਸਕ ਉਪਲੱਬਧ ਕਰਾਉਣ ਦੀ ਗੱਲ ਕਰ ਰਹੀ ਹੈ ਪਰ ਹੁਣ ਤੱਕ ਕਿਤੇ ਵੀ ਮਾਸਕ ਵੰਡੇ ਨਹੀ ਗਏ।