ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੋਕਸੋ ਐਕਟ ਵਿੱਚ ਸਜ਼ਾ ਭੁਗਤ ਰਹੇ ਮੁਲਜ਼ਮਾਂ ਨੂੰ ਮੁਆਫ਼ੀ ਨਹੀਂ ਮਿਲਣੀ ਚਾਹੀਦੀ। ਅਜਿਹੇ ਮਾਮਲਿਆਂ ਵਿੱਚ ਰਹਿਮ ਦੀ ਅਪੀਲ ਖ਼ਤਮ ਹੋਣੀ ਚਾਹੀਦੀ ਹੈ।
ਰਾਸ਼ਟਰਪਤੀ ਨੇ ਰਾਜਸਥਾਨ ਦੇ ਸਿਰੋਹੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ, "ਮਹਿਲਾ ਸੁਰੱਖਿਆ ਇੱਕ ਗੰਭੀਰ ਮਾਮਲਾ ਹੈ। ਪੋਕਸੋ ਐਕਟ ਤਹਿਤ ਅਪਰਾਧੀਆਂ ਨੂੰ ਰਹਿਮ ਪਟੀਸ਼ਨਾਂ ਦਾਖਲ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸੰਸਦ ਨੂੰ ਰਹਿਮ ਪਟੀਸ਼ਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ।"
ਰਾਸ਼ਟਰਪਤੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਹੈਦਰਾਬਾਦ ਵਿੱਚ ਇੱਕ ਮਹਿਲਾ ਵੈਟਨਰੀ ਡਾਕਟਰ ਨਾਲ ਜਬਰ-ਜਨਾਹ ਅਤੇ ਕਤਲ ਮਾਮਲੇ ਦੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਮਾਰ ਦਿੱਤਾ।
ਇਸ ਘਟਨਾ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਿਰਭੈਆ ਦੇ ਚਾਰ ਦੋਸ਼ੀਆਂ ਵਿਚੋਂ ਇਕ ਵਿਨੈ ਸ਼ਰਮਾ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।