ਸ੍ਰੀਨਗਰ: ਰੱਖਿਆ ਮੰਤਰੀ ਰਾਜਨਾਥ ਸਿੰਘ ਦੋ ਦਿਨਾਂ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਆਰਮੀ ਚੀਫ ਜਨਰਲ ਐਮ ਐਮ ਨਰਵਣੇ ਵੀ ਉਨ੍ਹਾਂ ਦੇ ਨਾਲ ਹਨ। ਬੀਤੇ ਦਿਨ ਉਨ੍ਹਾਂ ਲੁਕੁੰਗ ਤੋਂ ਚੀਨ ਨੂੰ ਸਖਤ ਸੰਦੇਸ਼ ਭੇਜਿਆ ਜਿਸ ਤੋਂ ਬਾਅਦ ਅੱਜ ਉਹ ਜੰਮੂ-ਕਸ਼ਮੀਰ ਸਥਿਤ ਅਮਰਨਾਥ ਮੰਦਰ ਜਾਣਗੇ ਅਤੇ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨਗੇ।
ਉਹ ਅਸਲ ਕੰਟਰੋਲ ਰੇਖਾ (ਐਲਏਸੀ) ਅਤੇ ਕੰਟਰੋਲ ਰੇਖਾ (ਐਲਓਸੀ) ਦੋਵਾਂ 'ਤੇ ਸਥਿਤੀ ਦਾ ਜਾਇਜ਼ਾ ਲੈਣਗੇ। ਆਪਣੀ ਯਾਤਰਾ ਦੇ ਪਹਿਲੇ ਦਿਨ, ਰੱਖਿਆ ਮੰਤਰੀ ਨੇ ਲੁਕੁੰਗ, ਲੱਦਾਖ ਵਿਚ ਸੈਨਿਕਾਂ ਅਤੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਣੇ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਭਾਰਤ-ਚੀਨ ਦਾ ਜ਼ਿਕਰ ਕਰਦਿਆਂ ਕਿਹਾ, "ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਹੈ ਪਰ ਕਿਸ ਹੱਦ ਤਕ ਇਸ ਦਾ ਹੱਲ ਹੋ ਸਕਦਾ ਹੈ, ਮੈਂ ਇਸ ਦੀ ਗਰੰਟੀ ਨਹੀਂ ਦੇ ਸਕਦਾ। ਮੈਂ ਤੁਹਾਨੂੰ ਭਰੋਸਾ ਦੇ ਸਕਦਾ ਹਾਂ ਕਿ ਸਾਡੀ ਧਰਤੀ ਦਾ ਇਕ ਇੰਚ ਵੀ ਵਿਸ਼ਵ ਦੀ ਕੋਈ ਤਾਕਤ ਨਹੀਂ ਲੈ ਸਕਦੀ। "
ਤਣਾਅ ਦਾ ਕੂਟਨੀਤਕ ਹੱਲ ਲੱਭਣ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਅੱਗੇ ਕਿਹਾ, "ਜੇ ਗੱਲਬਾਤ ਰਾਹੀਂ ਕੋਈ ਹੱਲ ਲੱਭਿਆ ਜਾ ਸਕਦਾ ਹੈ ਤਾਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।"
ਉਨ੍ਹਾਂ ਕਿਹਾ, "ਹਾਲ ਹੀ ਵਿੱਚ ਪੀਪੀ 14 ਵਿਖੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਕੀ ਹੋਇਆ ਸੀ, ਕਿਵੇਂ ਸਾਡੇ ਕੁਝ ਜਵਾਨਾਂ ਨੇ ਸਾਡੀ ਸਰਹੱਦ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਖੁਸ਼ ਹਾਂ ਪਰ ਉਨ੍ਹਾਂ ਦੇ ਨੁਕਸਾਨ ਕਾਰਨ ਦੁਖੀ ਵੀ ਹਾਂ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।"
ਪਾਕਿਸਤਾਨ, ਕੰਟਰੋਲ ਰੇਖਾ ਦੇ ਨਾਲ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਅਤੇ ਚੀਨ ਪਿਛਲੇ ਸਮੇਂ ਵਿਚ ਲੱਦਾਖ ਖੇਤਰ ਵਿਚ ਭਾਰਤੀ ਖੇਤਰ ਵਿਚ ਘੁਸਪੈਠ ਕਰ ਰਿਹਾ ਹੈ। 15 ਜੂਨ ਨੂੰ 20 ਭਾਰਤੀ ਸੈਨਿਕਾਂ ਨੇ ਗਲਵਾਨ ਘਾਟੀ ਵਿਚ ਚੀਨੀ ਫੌਜਾਂ ਨਾਲ ਲੜਾਈ ਦੌਰਾਨ ਆਪਣੀ ਜਾਨ ਦਿੱਤੀ, ਜਿਸ ਨਾਲ ਦੋਵਾਂ ਦੇਸ਼ਾਂ ਵਿਚ ਤਣਾਅ ਪੈਦਾ ਹੋਇਆ। ਚੀਨੀ ਸੈਨਿਕਾਂ ਨੇ ਬਾਅਦ ਵਿੱਚ ਸੈਨਿਕ ਪੱਧਰ ਅਤੇ ਕੂਟਨੀਤਕ ਪੱਧਰ ਰਾਹੀਂ ਦੋਵਾਂ ਦੇਸ਼ਾਂ ਵਿਤਾਲੇ ਹੋਈ ਗੱਲਬਾਤ ਤੋਂ ਬਾਅਦ ਵਾਪਸ ਜਾਣਾ ਸ਼ੁਰੂ ਕਰ ਦਿੱਤਾ।