ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਮਾਰਕ ਐਸਪਰ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਤੇ ਖ਼ੇਤਰ 'ਚ ਸਮੂਚੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਹੋਈ।
ਇਸ ਬਾਰੇ ਦੱਸਦੇ ਹੋਏ ਸਰਕਾਰੀ ਬੁਲਾਰੇ ਨੇ ਆਖਿਆ ਕਿ ਰਾਜਨਾਥ ਸਿੰਘ ਤੇ ਐਸਪਰ ਵਿਚਾਲੇ ਦੋਹਾਂ ਦੇਸ਼ਾਂ ਦੀ ਦੋਪੱਖੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੈਲੀਫੋਨ ਉੱਤੇ ਇਹ ਗੱਲਬਾਤ ਅਮਰੀਕੀ ਪੱਖ ਵੱਲੋਂ ਬੇਨਤੀ ਕੀਤੇ ਜਾਣ ਮਗਰੋਂ ਕੀਤੀ ਗਈ ।
ਸੂਤਰਾਂ ਮੁਤਾਬਕ ਪੂਰਬੀ ਲੱਦਾਖ ਦੀ ਕੰਟਰੋਲ ਲਾਈਨ (ਐਲਓਸੀ) ਉੱਤੇ ਚੀਨ ਵੱਲੋਂ ਹੋਏ ਹਮਲੇ ਨੂੰ ਲੈ ਕੇ ਚਰਚਾ ਕੀਤੀ ਗਈ। ਰਾਜਨਾਥ ਸਿੰਘ ਨੇ ਇਸ ਮੁੱਦੇ 'ਤੇ ਅਮਰੀਕੀ ਰੱਖਿਆ ਮੰਤਰੀ ਨੂੰ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਦਿੱਤੀ।
ਦੱਸਣਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਗਤਿਰੋਧ ਦੇ ਮੁੱਦੇ 'ਤੇ ਮੰਗਲਵਾਰ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਂਗਲਾ ਤੇ ਅਮਰੀਕਾ ਦੇ ਰਾਜਨੀਤਕ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਡੇਵਿਡ ਹੈਲੇ ਦੇ ਵਿਚਾਲੇ ਵੀ ਚਰਚਾ ਹੋਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਪੂਰਬੀ ਲੱਦਾਖ 'ਚ ਤੇਜ਼ੀ ਨਾਲ ਬਦਲ ਰਹੇ ਹਲਾਤਾਂ 'ਤੇ ਬੇਹਦ ਕਰੀਬ ਨਾਲ ਨਜ਼ਰ ਰੱਖ ਰਿਹਾ ਹੈ।
ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਆਪਣੇ ਇੱਕ ਬਿਆਨ 'ਚ ਕਿਹਾ ਸੀ ਕਿ ਭਾਰਤੀਆਂ ਨੇ ਚੀਨ ਦੀਆਂ ਹਮਲਾਵਰ ਕਾਰਵਾਈਆਂ ਦਾ ਮੂੰਹਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖ਼ੇਤਰੀ ਵਿਵਾਦ ਪੈਦਾ ਕਰਨਾ ਮੁੱਢ ਤੋਂ ਹੀ ਚੀਨ ਦੀ ਆਦਤ ਰਹੀ ਹੈ ਤੇ ਵਿਸ਼ਵ ਨੂੰ ਇੰਝ ਡਰਾਉਣ ਤੇ ਧੱਕੇਸ਼ਾਹੀ ਨੂੰ ਨਹੀਂ ਹੋਣ ਦੇਣਾ ਚਾਹੀਦਾ।
ਪੋਂਪਿਓ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਸ (ਚੀਨ ਦੇ ਹਮਲੇ) ਬਾਰੇ ਕਈ ਵਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲ ਕੀਤੀ ਹੈ। ਚੀਨ ਨੇ ਵਿਸ਼ਵਾਸਘਾਤੀ ਹਮਲਾਵਰ ਕਾਰਵਾਈਆਂ ਕੀਤੀਆਂ ਹਨ। ਭਾਰਤੀਆਂ ਨੇ ਇਸ ਦਾ ਜਵਾਬ ਦੇਣ ਦੀ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ।
ਰਾਜਨਾਥ ਸਿੰਘ ਅਤੇ ਐਸਪਰ ਵਿਚਾਲੇ ਹੋਈ ਟੈਲੀਫੋਨ ਗੱਲਬਾਤ ਬਾਰੇ ਇੱਕ ਸੂਤਰ ਨੇ ਦੱਸਿਆ ਕਿ ਦੋਹਾਂ ਮੰਤਰੀ ਇੱਕ-ਦੂਜੇ ਨਾਲ ਬਾਕਾਇਦਾ ਸੰਪਰਕ 'ਚ ਹਨ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀ ਰੱਖਿਆ ਸਹਿਯੋਗ ਅਤੇ ਆਪਸੀ ਹਿੱਤ ਦੇ ਮੁੱਦਿਆਂ 'ਤੇ ਕਈ ਵਾਰ ਗੱਲ ਕੀਤੀ ਹੈ। ਅੱਜ ਦੀ ਗੱਲਬਾਤ ਇਸ ਚੱਲ ਰਹੇ ਵਟਾਂਦਰੇ ਦਾ ਹਿੱਸਾ ਸੀ।
ਪੂਰਬੀ ਲੱਦਾਖ ਦੇ ਕਈ ਥਾਵਾਂ 'ਤੇ ਕਰੀਬ ਅੱਠ ਹਫ਼ਤਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਇਹ ਵਿਵਾਦ ਜਾਰੀ ਹੈ। ਗਲਵਾਨ ਘਾਟੀ ਵਿੱਚ ਹੋਈ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਤਣਾਅ ਕਾਫੀ ਵੱਧ ਗਿਆ ਸੀ। ਇਸ ਝੜਪ 'ਚ ਚੀਨੀ ਫੌਜ ਨੂੰ ਵੀ ਨੁਕਸਾਨ ਪਹੁੰਚਿਆ ਸੀ, ਜਿਸ ਬਾਰੇ ਉਨ੍ਹਾਂ ਨੇ ਅਜੇ ਤਕ ਵੇਰਵਾ ਨਹੀਂ ਦਿੱਤਾ ਹੈ। ਅਮਰੀਕੀ ਖੁਫੀਆ ਏਜੰਸੀ ਦੀ ਇੱਕ ਰਿਪੋਰਟ ਦੇ ਮੁਾਤਬਕ, 35 ਚੀਨੀ ਫੌਜੀ-ਭਾਰਤੀ ਨਾਲ ਹੋਈ ਇਸ ਝੜਪ ਵਿੱਚ ਮਾਰੇ ਗਏ।
ਪਿਛਲੇ ਪੰਜ ਦਿਨਾਂ ਵਿੱਚ ਚੀਨੀ ਫੌਜ ਨੇ ਭਾਰਤੀ ਫੌਜ ਨਾਲ ਕੀਤੇ ਸਮਝੌਤੇ ਮੁਤਾਬਕ ਤਿੰਨ ਥਾਵਾਂ ਤੋਂ ਆਪਣੀ ਫੌਜ ਨੂੰ ਪਿੱਛੇ ਹੱਟਾ ਲਿਆ ਹੈ। ਪਿਛਲੇ ਸਮੇਂ ਵਿੱਚ ਦੋਵਾਂ ਧਿਰਾਂ ਨੇ ਇਸ ਖੇਤਰ ਚੋਂ ਤਣਾਅ ਘਟਾਉਣ ਲਈ ਕੂਟਨੀਤਕ ਅਤੇ ਫੌਜੀ ਪੱਧਰ 'ਤੇ ਕਈ ਦੌਰੇ ਕੀਤੇ ਹਨ।