ਜੈਪੁਰ: ਰਾਜਸਥਾਨ ਸਰਕਾਰ ਦਾ ਸਿਆਸੀ ਸੰਕਟ ਖ਼ਤਮ ਹੋਣ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਚਿਨ ਪਾਇਲਟ ਨਾਲ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਅੱਜ ਦੋਵਾਂ ਦਾ ਆਹਮਣਾ ਸਾਹਮਣਾ ਹੋਵੋਗਾ। ਇਹ ਬੈਠਕ ਰਾਜਸਥਾਨ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਰੱਖੀ ਗਈ ਹੈ।
ਦਰਅਸਲ ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 14 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਗਹਿਲੋਤ ਸਰਕਾਰ ਵਿਸ਼ਵਾਸ ਮਤ ਪ੍ਰਸਤਾਵ ਲੈ ਕੇ ਆਵੇਗੀ। ਇਸੇ ਲਈ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਹੋਟਲ ਫੇਅਰਮਾਉਂਟ ਵਿੱਚ ਬਾੜੇਬੰਦੀ ਵਿੱਚ ਰੱਖਿਆ ਹੈ।
ਜੇ 14 ਅਗਸਤ ਨੂੰ ਵਿਸ਼ਵਾਸ ਪ੍ਰਸਤਾਵ ਤੋਂ ਬਾਅਦ ਸਭ ਕੁਝ ਠੀਕ ਰਿਹਾ ਤਾਂ ਵਿਧਾਇਕ 15 ਅਗਸਤ ਨੂੰ ਬਾੜੇਬੰਦੀ ਤੋਂ ਮੁਕਤ ਹੋ ਸਕਦੇ ਹਨ। ਕਾਂਗਰਸ ਪੂਰੀ ਤਰ੍ਹਾਂ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੂੰ 124 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ ਪਰ ਗਹਿਲੋਤ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਦੇ ਮੂਡ ਵਿਚ ਨਹੀਂ ਹਨ। ਇਹ ਵਿਸ਼ਵਾਸ ਮਤਾ ਵਿਰੋਧੀ ਧਿਰ ਵੱਲੋਂ ਨਹੀਂ ਬਲਕਿ ਸਰਕਾਰ ਵੱਲੋਂ ਲਿਆਂਦਾ ਜਾਵੇਗਾ।
ਰਾਜਸਥਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਸਚਿਨ ਪਾਇਲਟ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਤੋਂ ਬਾਅਦ ਮੰਗਲਵਾਰ ਨੂੰ ਜੈਪੁਰ ਵਾਪਸ ਪਰਤੇ। ਉਨ੍ਹਾਂ ਨੂੰ ਕਾਂਗਰਸ ਲੀਡਰਸ਼ਿਪ ਨੇ ਭਰੋਸਾ ਦਿੱਤਾ ਹੈ ਕਿ ਉਸ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ। ਹਾਲਾਂਕਿ ਪਾਇਲਟ ਦੇ ਜੈਪੁਰ ਪਹੁੰਚਦਿਆਂ ਹੀ ਮੁੱਖ ਮੰਤਰੀ ਗਹਿਲੋਤ ਜੈਸਲਮੇਰ ਲਈ ਰਵਾਨਾ ਹੋ ਗਏ, ਜਿਥੇ 100 ਕਾਂਗਰਸੀ ਵਿਧਾਇਕਾਂ ਨੂੰ ਰੱਖਿਆ ਗਿਆ ਸੀ।