ਨਵੀਂ ਦਿੱਲੀ: ਰੇਲਵੇ ਬੋਰਡ ਨੇ ਕਿਹਾ ਕਿ ਸਾਰੀਆਂ ਨਿਯਮਿਤ ਰੇਲਾਂ, ਐਕਸਪ੍ਰੈਸ ਤੇ ਮੁਸਾਫ਼ਰ ਰੇਲ ਸੇਵਾਵਾਂ ਦੇ ਨਾਲ ਉਪਨਗਰਾਂ ਰੇਲਾਂ 12 ਅਗਸਤ ਤੱਕ ਰੱਦ ਕਰ ਦਿੱਤੀਆਂ ਗਈਆਂ। ਸੂਤਰਾਂ ਨੇ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਸਪੈਸ਼ਲ ਰੇਲਾਂ ਚਲਦੀਆਂ ਰਹਿਣਗੀਆਂ। ਇਸ ਤਹਿਤ 12 ਮਈ ਤੋਂ ਰਾਜਧਾਨੀ ਦੇ ਮਾਰਗ 'ਤੇ ਚਲ ਰਹੀ 12 ਰੇਲਾਂ ਤੇ ਜੂਨ ਤੋਂ ਚੱਲ ਰਹੀਆਂ 100 ਰੇਲਾਂ ਜਾਰੀ ਰਹਿਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਦੀ ਆਵਾਜਾਈ ਦੇ ਲਈ ਹਾਲ ਹੀ ਵਿੱਚ ਮੁੰਬਈ ਵਿੱਚ ਸੀਮਤ ਤੌਰ 'ਤੇ ਸ਼ੁਰੂ ਕੀਤੀ ਗਈ ਤੇ ਵਿਸ਼ੇਸ਼ ਉਪਨਗਰ ਸੇਵਾ ਵੀ ਜਾਰੀ ਰਹੇਗੀ।
ਰੇਲਵੇ ਬੋਰਡ ਨੇ ਆਦੇਸ਼ ਵਿੱਚ ਕਿਹਾ ਕਿ 1 ਜੁਲਾਈ ਤੋਂ 12 ਅਗਸਤ ਵਿਚਕਾਰ ਯਾਤਰਾ ਦੇ ਲਈ ਸਾਰੀਆਂ ਨਿਯਮਿਤ ਰੇਲਾਂ ਦੀਆਂ ਬੁੱਕ ਕੀਤੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਾਰਿਆਂ ਦੇ ਪੈਸੇ ਵਾਪਿਸ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਰੇਲਵੇ ਨੇ 30 ਜੂਨ ਤੱਕ ਸਾਰੀਆਂ ਰੇਲਾਂ ਰੱਦ ਕਰ ਦਿੱਤੀਆਂ ਸਨ।
ਭਾਰਤ ਵਿੱਚ ਕੋਰੋਨਾ ਵਾਇਰਸ ਤੋਂ 4,73,105 ਲੋਕ ਪੀੜਤ ਹਨ। ਦੇਸ਼ ਵਿੱਚ 2,71,696 ਲੋਕ ਸਿਹਤਯਾਬ ਹੋ ਚੁੱਕੇ ਹਨ। ਇਸ ਦੇ ਨਾਲ ਹੀ 14,894 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਭਗ 17,000 ਮਾਮਲੇ ਸਾਹਮਣੇ ਆ ਗਏ ਹਨ।