ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸੇ ਲਈ ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਨਵੀਂ ਨੀਤੀ ਤਿਆਰ ਕੀਤੀ ਹੈ।
ਇਸ ਤਹਿਤ ਰੇਲਗੱਡੀ ਨੂੰ ਹਰ ਗੇੜੇ ਤੋਂ ਬਾਅਦ ਸਾਬਣ ਜਾਂ ਸੈਨੀਟਾਈਜ਼ਰ ਸਪ੍ਰੇਅ ਨਾਲ ਕੀਟਾਣੂ ਮੁਕਤ ਕੀਤਾ ਜਾਵੇਗਾ। ਹਰ ਸਟਾਪੇਜ਼ 'ਤੇ ਟਾਇਲਟ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇਗੀ। ਯਾਤਰਾ ਦੌਰਾਨ ਹਰ ਦੋ ਘੰਟਿਆਂ ਬਾਅਦ ਕੋਚ ਅਤੇ ਟਾਇਲਟ ਡੋਰ ਹੈਂਡਲ, ਰੇਲਿੰਗ, ਵਿੰਡੋਜ਼ ਆਦਿ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।
ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਰੇਲਵੇ 15 ਅਪ੍ਰੈਲ ਤੋਂ ਕੁਝ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰ ਸਕਦਾ ਹੈ ਪਰ ਅਜੇ ਇਸ ਦਾ ਪੂਰਾ ਫੈਸਲਾ ਨਹੀਂ ਕੀਤਾ ਗਿਆ ਹੈ।
ਇਹ ਹਨ ਨਵੇਂ ਬਦਲਾਅ
- ਰੇਲਵੇ ਸਿਰਫ਼ ਸਲੀਪਰ ਕਲਾਸ ਰੇਲ ਡੱਬੇ ਚਲਾਏਗੀ। ਰੇਲ ਗੱਡੀਆਂ 'ਚ ਏਸੀ ਕਲਾਸ ਕੋਚ ਨਹੀਂ ਹੋਣਗੇ।
- ਸਫ਼ਰ ਤੋਂ 12 ਘੰਟੇ ਪਹਿਲਾਂ ਰੇਲਵੇ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦੇਣਾ ਹਰ ਯਾਤਰੀ ਲਈ ਲਾਜ਼ਮੀ ਹੋਵੇਗਾ।
- ਕੋਰੋਨਾ ਦੇ ਸੰਕੇਤ ਹੋਣ ਦੀ ਸਥਿਤੀ ਵਿੱਚ ਰੇਲਵੇ ਯਾਤਰੀ ਨੂੰ ਵਿਚਕਾਰ ਕਿਸੇ ਵੀ ਥਾਂ 'ਤੇ ਉਤਾਰ ਸਕਦਾ ਹੈ।
- ਯਾਤਰੀ ਨੂੰ 100 ਫ਼ੀਸਦੀ ਰਿਫੰਡ ਦਿੱਤਾ ਜਾਵੇਗਾ।
- ਵੇਟਿੰਗ ਟਿਕਟ ਵਾਲੇ ਰੇਲ ਗੱਡੀ 'ਚ ਚੜ੍ਹ ਨਹੀਂ ਸਕਣਗੇ।
- ਰੇਲ ਦੇ ਸਾਰੇ ਚਾਰੇ ਦਰਵਾਜ਼ੇ ਬੰਦ ਰਹਿਣਗੇ ਤਾਂ ਜੋ ਗੈਰ-ਜ਼ਰੂਰੀ ਵਿਅਕਤੀ ਅੰਦਰ ਦਾਖ਼ਲ ਨਾ ਹੋ ਸਕੇ।