ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਸੂਬੇ ਵਿੱਚ ਰੇਲਵੇ ਹੀ ਬਹਾਲੀ ਅਤੇ ਰਾਸ਼ਟਰੀ ਸੁਰੱਖਿਆ ਦੇ ਕਈ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਵੀ ਇਸ ਮੀਟਿੰਗ ਵਿੱਚ ਮੌਜੂਦ ਰਹੇ। ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲਦ ਹੀ ਰੇਲ ਗੱਡੀਆਂ ਚਲਾਉਣ ਦਾ ਭਰੋਸਾ ਦਿੱਤਾ ਹੈ।
ਰੇਲ ਸੇਵਾਵਾਂ ਜਲਦ ਚਾਲੂ ਹੋਣ ਦੀ ਉਮੀਦ
ਮੀਟਿੰਗ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਮੁਲਾਕਾਤ ਬਹੁਤ ਸਕਾਰਾਤਮਕ ਰਹੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਰੇਲ ਗੱਡੀਆਂ ਨੂੰ ਜਲਦੀ ਚਾਲੂ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਕੁਝ ਦਿਨਾਂ ਵਿੱਚ ਗੱਡੀਆਂ ਮੁੜ ਤੋਂ ਟਰੈਕ 'ਤੇ ਚੱਲਣਾ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਇਸ ਮੁੱਦੇ ਬਾਰੇ ਗੱਲ ਕਰਨਗੇ ਅਤੇ ਅੱਜ ਸਵੇਰੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਫੋਨ ‘ਤੇ ਗੱਲਬਾਤ ਵੀ ਕੀਤੀ ਹੈ।
ਰੇਲ ਮੰਤਰੀ ਦੀ ਪੰਜਾਬ ਸਰਕਾਰ ਨੂੰ ਅਪੀਲ
ਰੇਲ ਮੰਤਰੀ ਪਿਯੂਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਸੂਬੇ 'ਚ ਆਉਣ ਵਾਲੀਆਂ ਅਤੇ ਇੱਥੋਂ ਦੂਜੀ ਥਾਂ 'ਤੇ ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਚਲਾਉਣ ਦੀ ਆਗਿਆ ਦੇਣ ਅਤੇ ਰੇਲਵੇ ਸਿਸਟਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਗੋਇਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੁਸਾਫ਼ਰਾਂ, ਰੇਲਵੇ ਮੁਲਾਜ਼ਮਾਂ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਰੇ ਟਰੈਕ, ਸਟੇਸ਼ਨ ਅਤੇ ਰੇਲਵੇ ਸੰਪਤੀ ਸਾਫ ਹੋਵੇ। ਪੰਜਾਬ ਦੇ ਲੋਕ ਛਠ ਪੂਜਾ, ਦੀਵਾਲੀ ਅਤੇ ਗੁਰਪੁਰਬ ਵਰਗੇ ਤਿਉਹਾਰਾਂ ਲਈ ਯਾਤਰਾ ਕਰਨਾ ਚਾਹੁੰਦੇ ਹਨ।
ਬੈਠਕ ਵਿੱਚ ਕਾਂਗਰਸੀ ਲੀਡਰ ਰਹੇ ਮੌਜ਼ੂਦ
ਬੈਠਕ 'ਚ ਗੁਰਜੀਤ ਸਿੰਘ ਔਜਲਾ, ਪਰਨੀਤ ਕੌਰ, ਮਨੀਸ਼ ਤਿਵਾੜੀ, ਸੰਤੋਖ ਚੌਧਰੀ, ਮੁਹੰਮਦ ਸਦੀਕ, ਜਸਬੀਰ ਸਿੰਘ ਗਿੱਲ, ਅਮਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ। ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਆਪਸ 'ਚ ਵਿਚਾਰ ਵਟਾਂਦਰਾਂ ਕਰਨ ਲਈ ਸਾਂਸਦ ਰਵਨੀਤ ਬਿੱਟੂ ਦੇ ਘਰ ਇਕੱਠੇ ਹੋਏ ਸਨ। ਸੰਸਦ ਮੈਂਬਰਾਂ ਵੱਲੋਂ ਤਿਆਰ ਕੀਤਾ ਗਿਆ ਖਰੜਾ ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਤੋਂ ਪਹਿਲਾਂ ਪਰਣੀਤ ਕੌਰ ਦੀ ਦਿੱਲੀ ਰਿਹਾਇਸ਼ 'ਤੇ 8 ਸੰਸਦ ਮੈਂਬਰਾਂ ਨੇ ਮੀਟਿੰਗ ਕਰ ਇੱਕ ਖਰੜਾ ਤਿਆਰ ਕੀਤਾ। ਇਸ ਮੀਟਿੰਗ 'ਚ ਮਨੀਸ਼ ਤਿਵਾੜੀ, ਗੁਰਜੀਤ ਔਜਲਾ, ਡਾ. ਅਮਰ ਸਿੰਘ ਪਹੁੰਚੇ ਸਨ।