ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਇਕ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਦਰਅਸਲ, ਪੁਲਵਾਮਾ ਦੇ ਨੇੜੇ ਇਕ ਸੈਂਟਰੋ ਕਾਰ ਵਿਚ ਇਕ ਵਿਸਫੋਟਕ ਯੰਤਰ (ਆਈਈਡੀ) ਰੱਖਿਆ ਗਿਆ ਸੀ, ਜਿਸ ਦੀ ਸੈਨਾ ਦੁਆਰਾ ਸਮੇਂ ਸਿਰ ਪਛਾਣ ਕਰ ਲਈ ਗਈ ਅਤੇ ਸਮੇਂ ਸਿਰ ਉਸ ਨੂੰ ਨਸ਼ਟ ਕਰ ਦਿੱਤਾ ਗਿਆ।
ਅੱਜ ਸਵੇਰੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਦੇ ਅਯਾਨਗੁੰਡ ਪਿੰਡ ਵਿੱਚ ਸੈਂਟਰੋ ਕਾਰ ਬੇਕਾਬੂ ਹੋਈ ਹਾਲਤ ਵਿੱਚ ਮਿਲੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਾਂਝੇ ਤੌਰ ਉੱਤੇ ਇੱਕ ਅਭਿਆਨ ਚਲਾਇਆ ਅਤੇ ਬੰਬ ਦਸਤੇ ਦੀ ਮਦਦ ਨਾਲ ਆਈਈਡੀ ਨੂੰ ਨਸ਼ਟ ਕਰ ਦਿੱਤਾ।
ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਆਈਈਡੀ ਨੂੰ ਕਾਰ ਤੋਂ ਵੱਖ ਨਹੀਂ ਕੀਤਾ ਜਾ ਸਕਿਆ ਤਾਂ ਉਸ ਨੂੰ ਕਾਰ ਦੇ ਨਾਲ ਹੀ ਉਡਾ ਦਿੱਤਾ ਗਿਆ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਵਾਹਨ ਨੂੰ ਚਲਾਉਣ ਵਾਲਾ ਅੱਤਵਾਦੀ ਫਰਾਰ ਹੋ ਗਿਆ ਹੈ। ਰਜਿਸਟਰਡ ਕਾਰ ਨੂੰ ਕਸ਼ਮੀਰ ਪੁਲਿਸ ਨੇ ਟ੍ਰੈਕ ਕੀਤਾ ਹੈ।
ਕਾਰ ਕਠੂਆ ਵਿਚ ਰਜਿਸਟਰਡ ਸੀ, ਇਹ ਮਾਮਲਾ ਐਨਆਈਏ ਨੂੰ ਭੇਜਿਆ ਜਾ ਰਿਹਾ ਹੈ। ਫਿਲਹਾਲ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਅਜਿਹੀ ਹੀ ਇਕ ਘਟਨਾ ਪਿਛਲੇ ਸਾਲ ਵੀ ਵਾਪਰੀ ਸੀ। ਸੀਆਰਪੀਐਫ ਦੇ ਕਾਫਿਲੇ 'ਤੇ 14 ਫਰਵਰੀ 2019 ਨੂੰ ਪੁਲਵਾਮਾ ਵਿਚ ਹਮਲਾ ਕੀਤਾ ਗਿਆ ਸੀ। ਇਸ ਵਿਚ 40 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਵਿਚ ਅੱਤਵਾਦੀਆਂ ਨੇ ਆਈਈਡੀ ਨਾਲ ਭਰੀ ਕਾਰ ਦੀ ਵਰਤੋਂ ਕੀਤੀ ਸੀ।