ਫ਼ਰੀਦਾਬਾਦ: ਬੱਲਬਗੜ੍ਹ 'ਚ ਸੋਮਵਾਰ ਨੂੰ 2 ਕਾਰ ਸਵਾਰ ਵਿਅਕਤੀਆਂ ਨੇ ਇੱਕ ਕੁੜੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਦੇ ਵਿਰੋਧ 'ਚ ਮ੍ਰਿਤਕ ਦੇ ਪਰਿਵਾਰ ਵੱਲੋਂ ਫ਼ਰੀਦਾਬਾਦ ਦੇ ਸੈਕਟਰ 23 'ਚ ਆਪਣਾ ਘਰ ਕਲੋਨੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮ੍ਰਿਤਕ ਕੁੜੀ ਦੇ ਪਰਿਵਾਰ ਦੀ ਮੰਗ ਹੈ ਕਿ ਕੇਸ ਨੂੰ ਫਾਸਟ ਟਰੈਕ 'ਤੇ ਲੈ ਕੇ ਜਾਇਆ ਜਾਵੇ ਤੇ ਉਨ੍ਹਾਂ ਕਾਤਲਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਧੀ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਕੁੜੀ ਦੇ ਮਰਨ ਦਾ ਇੰਤਜ਼ਾਰ ਕਰਦੀ ਰਹੀ।
ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਪਹਿਲੇ ਵੀ ਦੋਸ਼ੀਆਂ ਨੇ ਕੁੜੀ ਨੂੰ ਪ੍ਰੇਸ਼ਾਨ ਕੀਤਾ ਸੀ ਤੇ ਉਨ੍ਹਾਂ ਵੱਲੋਂ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸ਼ਾਇਦ ਕਾਰਵਾਈ 'ਚ ਹੋਈ ਦੇਰੀ ਨੇ ਉਨ੍ਹਾਂ ਦੀ ਭੈਣ ਦੀ ਜ਼ਿੰਦਗੀ ਲੈ ਲਈ।
ਜਾਣੋ ਕੀ ਹੈ ਮਾਮਲਾ
ਦਰਅਸਲ ਕੁੜੀ ਪੇਪਰ ਦੇ ਕੇ ਘਰ ਵਾਪਿਸ ਜਾ ਰਹੀ ਸੀ ਇਸ ਦੌਰਾਨ ਰਾਹ ਵਿੱਚ ਕਾਰ ਸਵਾਰ ਵਿਅਕਤੀ ਆਏ ਅਤੇ ਕੁੜੀ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਇਸ ਮਾਮਲੇ ਦਾ ਸੀਸੀਟੀਵੀ ਫੁਟੇਜ ਵੀ ਮਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਬੀਤੇ ਕਈ ਸਾਲਾਂ ਤੋਂ ਕੁੜੀ 'ਤੇ ਦੋਸਤੀ ਕਰਨ ਦਾ ਦਬਾਅ ਬਣਾ ਰਿਹਾ ਸੀ। ਸਾਲ 2018 'ਚ ਦੋਸ਼ੀ ਨੇ ਕੁੜੀ ਨੂੰ ਅਗਵਾ ਵੀ ਕੀਤਾ ਸੀ ਪਰ ਲੋਕ ਲਾਜ ਦੇ ਚੱਲਦੇ ਪਰਿਵਾਰ ਨੇ ਸਮਝੌਤਾ ਕਰ ਲਿਆ ਸੀ।
ਪਿਤਾ ਨੇ ਪੁਲਿਸ 'ਤੇ ਲਗਾਏ ਗੰਭੀਰ ਦੋਸ਼
ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਵੀ ਕੁੜੀ ਨੂੰ ਉਨ੍ਹਾਂ ਨੌਜਵਾਨਾਂ ਨੇ ਤੰਗ ਕੀਤਾ ਸੀ, ਜਿਸਦੀ ਰਿਪੋਰਟ ਉਨ੍ਹਾਂ ਪੁਲਿਸ ਥਾਣੇ ਵੀ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਦੱਸ ਦਈਏ ਕਿ ਕੁੜੀ ਬੀ.ਕਾੱਮ ਫਾਇਨਲ ਦੀ ਵਿਦਿਆਰਥਣ ਸੀ।