ਨਵੀਂ ਦਿੱਲੀ: ਆਜ਼ਾਦੀ ਦੀ ਲੜਾਈ ਤੋਂ ਲੈ ਕੇ ਗਾਂਧੀ ਜੀ ਦੇ ਕਤਲ ਤੱਕ, ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ, ਸੁਧੀਰ ਗੁਪਤਾ ਕੋਲ ਡਾਕ ਟਿਕਟਾਂ ਅਤੇ ਵੱਖ-ਵੱਖ ਕਰੰਸੀਆਂ ਦਾ ਸੰਗ੍ਰਹਿ ਹੈ, ਜੋ ਉਹ 30 ਸਾਲਾਂ ਤੋਂ ਇਕੱਠਾ ਕਰ ਰਹੇ ਹਨ।
ਉਨ੍ਹਾਂ 1000 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਅਖਬਾਰਾਂ ਅਤੇ ਰਸਾਲਿਆਂ ਦੀਆਂ ਕਟਿੰਗਜ਼ ਇਕੱਠੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਗਾਂਧੀ ਜੀ ਨਾਲ ਸਬੰਧਤ ਬਹੁਤ ਸਾਰੀਆਂ ਕਲਾਕ੍ਰਿਤੀਆਂ ਦੀ ਭਰਮਾਰ ਹੈ। ਗਾਂਧੀ ਜੀ ਦੇ ਨਿਸ਼ਠਾਵਾਨ ਚੇਲੇ ਹੋਣ ਕਾਰਨ, ਉਹ ਨੌਜਵਾਨਾਂ 'ਚ ਉਨ੍ਹਾਂ ਦੇ ਸੰਦੇਸ਼ ਪੰਹੁਚਾਉਂਦੇ ਹਨ। ਉਨ੍ਹਾਂ ਵੱਲੋਂ ਗਾਂਧੀ ਜੀ ਨਾਲ ਸਬੰਧਿਤ ਇੱਕ ਅਜਾਇਬ ਘਰ ਵੀ ਬਣਾਇਆ ਗਿਆ ਹੈ, ਜਿਸਨੂੰ ਵੇਖਣ ਲਈ ਬਹੁਤ ਸਾਰੇ ਵਿਦਿਆਰਥੀ ਤੇ ਗਾਂਧੀ ਜੀ ਦੇ ਹੋਰ ਚੇਲੇ ਆਉਂਦੇ ਹਨ।
ਇਹ ਅਜਾਇਬਘਰ ਬਣਾਉਣ ਪਿੱਛੇ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਗਾਂਧੀ ਜੀ ਦੇ ਵਿਚਾਰਾਂ ਅਤੇ ਸੰਦੇਸ਼ਾਂ ਤੋਂ ਪ੍ਰੇਰਿਤ ਕਰਨਾ ਹੈ। ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਸੁਧੀਰ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹਨ,ਕਿਉਂਕਿ ਉਨ੍ਹਾਂ ਦੇ ਪਿਤਾ ਵੀ ਗਾਂਧੀ ਜੀ ਦੀਆਂ ਕਲਾਕ੍ਰਿਤੀਆਂ ਇਕੱਠੀਆਂ ਕਰਦੇ ਸਨ।