ਸ਼ਿਮਲਾ: ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸ਼ਿਮਲਾ ਆਉਣ ਲਈ ਇੰਤਜਾਰ ਕਰਨਾ ਪਵੇਗਾ। ਦਸਤਾਵੇਜ਼ ਅਧੂਰੇ ਹੋਣ ਕਾਰਨ ਫਿਲਹਾਲ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ। ਸ਼ਿਮਲਾ ਆਉਣ ਦੇ ਲਈ ਪ੍ਰਿਅੰਕਾ ਵਾਡਰਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਮੰਗੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਸ਼ਿਮਲਾ ਦੇ ਛਰਾਬੜਾ ਸਥਿਤ ਆਪਣੇ ਘਰ ਆਉਣਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਕੋਵਿਡ-ਈ ਪਾਸ ਰਜਿਸਟ੍ਰੇਸ਼ਨ ਅਧੀਨ ਅਰਜ਼ੀ ਦਿੱਤੀ ਹੈ। ਅਰਜ਼ੀ ਵਿੱਚ ਪ੍ਰਿਅੰਕਾ ਅਤੇ ਉਸ ਦੇ ਬੱਚਿਆਂ ਤੋਂ ਇਲਾਵਾ ਕੁੱਲ 12 ਨਾਮ ਸ਼ਾਮਲ ਹਨ।
ਅਰਜ਼ੀ ਵਿੱਚ ਕੁੱਝ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਪ੍ਰਿਅੰਕਾ ਵਾਡਰਾ ਨੂੰ ਅਜੇ ਆਉਣ ਦੀ ਆਗਿਆ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਆਉਣ ਵਾਲਿਆਂ ਵਿੱਚ ਦਿੱਲੀ, ਗੁਰੂਗ੍ਰਾਮ, ਬੰਗਲੁਰੂ ਅਤੇ ਨੋਇਡਾ ਦੇ ਉਸ ਦੇ ਕੁਝ ਪਰਿਵਾਰਕ ਦੋਸਤ ਸ਼ਾਮਲ ਹਨ।
ਪ੍ਰਿਅੰਕਾ ਵਾਡਰਾ ਨੇ ਬਿਨੈ ਪੱਤਰ ਵਿੱਚ 10 ਤੋਂ 30 ਅਗਸਤ ਤੱਕ ਸ਼ਿਮਲਾ ਜਾਣ ਦੀ ਮਨਜ਼ੂਰੀ ਮੰਗੀ ਹੈ। ਉਸ ਨੂੰ ਸ਼ਿਮਲਾ ਆਉਣ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਜੇ ਉਹ ਕੋਰੋਨਾ ਜਾਂਚ ਰਿਪੋਰਟ ਨਹੀਂ ਲਿਆਉਂਦੇ, ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਅਲੱਗ ਰਹਿਣਾ ਪਵੇਗਾ।
ਹਾਲਾਂਕਿ ਪ੍ਰਿਅੰਕਾ ਵਾਡਰਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਉਹ ਆਪਣੇ ਘਰ ਛਰਾਬੜਾ ਵਿੱਚ ਹੀ ਰਹੇਗੀ ਤੇ ਕਿਤੇ ਵੀ ਬਾਹਰ ਨਹੀਂ ਜਾਏਗੀ। ਦੱਸ ਦਈਏ ਕਿ ਕੋਰੋਨਾ ਕਾਲ ਵਿੱਚ ਤੇ ਰਾਜਨੀਤੀ ਤੋਂ ਦੂਰ ਪ੍ਰਿਅੰਕਾ ਸ਼ਿਮਲਾ ਵਿੱਚ ਆਪਣੇ ਘਰ ਆਉਣਾ ਚਾਹੁੰਦੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲ ਪਾਈ ਹੈ।