ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਪਲਾਜ਼ਮਾ ਦਾਨ ਕਰਨ ਵਾਲੇ ਰਾਜਧਾਨੀ ਦੇ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ ਰੈਜ਼ੀਡੈਂਟ ਡਾਕਟਰ ਤੌਸੀਫ਼ ਖਾਨ ਨੂੰ ਚਿੱਠੀ ਲਿਖ ਕੇ ਸਲਾਮ ਕੀਤਾ ਹੈ। ਪ੍ਰਿਅੰਕਾ ਦਾ ਇਹ ਪੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਤੌਸੀਫ ਨੂੰ ਸੌਂਪਿਆ, ਜਦਕਿ ਈਮੇਲ ਰਾਹੀਂ ਇਹ ਪੱਤਰ ਵੀਰਵਾਰ ਸ਼ਾਮ ਨੂੰ ਹੀ ਉਨ੍ਹਾਂ ਨੂੰ ਮਿਲ ਗਿਆ ਸੀ।
ਤੌਸੀਫ ਨੂੰ ਭੇਜੇ ਗਏ ਪੱਤਰ 'ਚ ਪ੍ਰਿਯੰਕਾ ਨੇ ਲਿਖਿਆ, "ਕੋਰੋਨਾ ਇਨਫੈਕਟਡ ਮਰੀਜ਼ਾਂ ਨੂੰ ਇਲਾਜ ਲਈ ਤੁਹਾਡੇ ਵੱਲੋਂ ਦਾਨ ਕੀਤੇ ਗਏ ਪਲਾਜ਼ਮਾ ਤੋਂ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ 'ਚ ਕਾਫ਼ੀ ਮਦਦ ਮਿਲੇਗੀ। ਤੁਹਾਡੇ ਪ੍ਰਤੀ ਮੇਰੇ ਮਨ 'ਚ ਸਨਮਾਨ ਉਦੋਂ ਹੋਰ ਜ਼ਿਆਦਾ ਵਧ ਗਿਆ, ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਕੋਰੋਨਾ ਇਨਫੈਕਟਡ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਇਨਫੈਕਟਡ ਹੋਏ ਸੀ।"
ਪ੍ਰਿਅੰਕਾ ਨੇ ਅੱਗੇ ਲਿਖਿਆ, "ਤੁਹਾਡੀ ਇਸ ਪਹਿਲ ਨਾਲ ਕੋਰੋਨਾ ਨਾਲ ਠੀਕ ਹੋਏ ਹੋਰ ਮਰੀਜ਼ ਵੀ ਆਪਣਾ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਹੋਣਗੇ। ਤੁਹਾਡੀ ਭਾਵਨਾ ਨੂੰ ਸਲਾਮ।" ਇਸ ਦੇ ਜਵਾਬ ਵਿੱਚ ਡਾ. ਤੌਸੀਫ ਨੇ ਕਿਹਾ, "ਪ੍ਰਿਅੰਕਾ ਗਾਂਧੀ ਜੀ ਦੇ ਇਸ ਪੱਤਰ ਨਾਲ ਮੇਰਾ ਕਾਫ਼ੀ ਉਤਸ਼ਾਹ ਵਧਿਆ ਹੈ। ਜੇਕਰ ਜ਼ਰੂਰਤ ਹੋਈ ਤਾਂ ਮੈਂ ਫਿਰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਂਗਾ।''
ਡਾ. ਤੌਸੀਫ ਕੋਰੋਨਾ ਰੋਗੀਆਂ ਦਾ ਇਲਾਜ ਕਰਦੇ ਹੋਏ ਇਸ ਵਾਇਰਸ ਦਾ ਸ਼ਿਕਾਰ ਹੋ ਗਏ ਸਨ। ਠੀਕ ਹੋਣ ਤੋਂ ਬਾਅਦ ਉਹ ਪਹਿਲੇ ਅਜਿਹੇ ਵਿਅਕਤੀ ਬਣੇ, ਜਿਨ੍ਹਾਂ ਨੇ ਗੰਭੀਰ ਰੋਗੀਆਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਕੇਜੀਐਮਯੂ ਨੂੰ ਦਾਨ ਕੀਤਾ।