ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵਾਰਾਣਸੀ ਸੀਟ ਤੋਂ ਚੋਣ ਨਾ ਲੜਨ ਦਾ ਕਾਰਨ ਦੱਸਿਆ ਹੈ। ਪ੍ਰਿਅੰਕਾ ਨੇ ਕਿਹਾ ਕਿ ਯੂਪੀ ਦੀਆਂ 41 ਸੀਟਾਂ ਹਨ ਜਿਸ ਵਿੱਚ ਪੂਰਾ ਜ਼ੋਰ ਲਗਾਉਣਾ ਪਵੇਗਾ। ਚੋਣ ਪ੍ਰਚਾਰ ਕਰਨ ਦੇ ਨਾਲ-ਨਾਲ ਇੱਕ ਹੀ ਥਾਂ ਰਹਿ ਕੇ ਇਹ ਕਰਨਾ ਸੰਭਵ ਨਹੀਂ ਸੀ।
ਦੱਸ ਦਈਏ ਕਿ 28 ਮਾਰਚ ਨੂੰ ਸੋਨੀਆ ਗਾਂਧੀ ਦੇ ਪ੍ਰਚਾਰ ਲਈ ਪੁੱਜੀ ਪ੍ਰਿਅੰਕਾ ਗਾਂਧੀ ਨੇ ਵਰਕਰਾਂ ਤੋਂ ਮਜ਼ਾਕ ਵਿੱਚ ਕਿਹਾ ਸੀ ਕਿ 'ਕੀ ਵਾਰਾਣਸੀ ਤੋਂ ਲੜ ਜਾਵਾਂ? ਇਸ ਗੱਲ ਨੂੰ ਉਸ ਸਮੇਂ ਵਧਾਵਾ ਮਿਲਿਆ ਜਦੋਂ ਕਾਂਗਰਸ ਦੇ ਬੁਲਾਰੇ ਦੀਪਕ ਸਿੰਘ ਨੇ ਪ੍ਰਿਅੰਕਾ ਗਾਂਧੀ ਦਾ ਵਾਰਾਣਸੀ ਤੋਂ ਚੋਣ ਲੜਨ ਦਾ ਦਾਅਵਾ ਕੀਤਾ।
ਉਨ੍ਹਾਂ ਕਿਹਾ ਸੀ ਕਿ ਪ੍ਰਿਅੰਕਾ ਨੇ ਵਾਰਾਣਸੀ ਤੋਂ ਚੋਣ ਲੜਨ ਦਾ ਮਨ ਬਣਾ ਲਿਆ ਹੈ ਅਤੇ ਇੱਕ-ਦੋ ਦਿਨਾਂ 'ਚ ਵਾਰਾਣਸੀ ਤੋਂ ਨਾਮਜ਼ਦਗੀਆਂ ਭਰਨ ਦਾ ਦੌਰ ਸ਼ੁਰੂ ਹੋ ਜਾਵੇਗਾ। ਇਸੇ ਵਿਚਕਾਰ ਪ੍ਰਿ੍ਅੰਕਾ ਨੇ ਵੀ ਕਿਹਾ ਸੀ ਕਿ ਜੇ ਪਾਰਟੀ ਕਹੇਗੀ ਤਾਂ ਉਹ ਨਰਿੰਦਰ ਮੋਦੀ ਵਿਰੁੱਧ ਚੋਣ ਜ਼ਰੂਰ ਲੜੇਗੀ।