ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਇੰਡੀਆ ਗਲੋਬਲ ਵੀਕ-2020 ਨੂੰ ਸੰਬੋਧਨ ਕਰਨਗੇ ਜੋ ਕਿ ਕੋਵਿਡ-19 ਦੌਰਾਨ ਦੁਨੀਆਂ ਲਈ ਉਨ੍ਹਾਂ ਦਾ ਪਹਿਲਾ ਸੰਬੋਧਨ ਹੋਵੇਗਾ।
ਵੀਰਵਾਰ ਅਤੇ ਸਨਿੱਚਰਵਾਰ ਨੂੰ ਹੋਣ ਵਾਲੇ ਸਮਾਗਮ ਵਿੱਚ ਬੁਲਾਰਿਆਂ ਦੀ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਸਭ ਤੋਂ ਉੱਪਰ ਹੈ।
ਪੀਐਮ ਮੋਦੀ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਵਣਜ ਮੰਤਰੀ ਪੀਯੂਸ਼ ਗੋਇਲ, ਆਈਟੀ ਅਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਅਤੇ ਕੌਸ਼ਲ ਵਿਕਾਸ ਮੰਤਰੀ ਮਹੇਂਦਰ ਨਾਥ ਪਾਂਡੇ ਵੀ ਇਸ ਵਿੱਚ ਸ਼ਾਮਲ ਹੋਣਗੇ।
ਗਲੋਬਲ ਵੀਕ ਦੇ ਚੇਅਰਮੈਨ ਮਨੋਜ ਲਾਡਵਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਵੇਲਸ ਦੇ ਪ੍ਰਿੰਸ ਚਾਰਲਸ ਅਤੇ ਬ੍ਰਿਟੇਨ ਦੇ ਕਈ ਕੈਬਿਨੇਟ ਮੰਤਰੀ ਸੰਬੋਧਨ ਕਰਨਗੇ, ਜਿਸ ਵਿੱਚ ਵਿਦੇਸ਼ ਮੰਤਰੀ ਡੋਮਿਨਿਕ ਰਾਬ, ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਮੈਟ ਹੈਨਕਾਕ ਅਤੇ ਕੌਮਾਂਤਰੀ ਵਪਾਰ ਮੰਤਰੀ ਲਿਜ ਟ੍ਰਸ ਵੀ ਸ਼ਾਮਲ ਹਨ।
ਦੂਜੇ ਅੰਤਰਰਾਸ਼ਟਰੀ ਬੁਲਾਰਿਆਂ ਵਿੱਚ ਸਟੀਵ (ਸਾਬਕਾ ਕ੍ਰਿਕਟਰ ਆਸਟ੍ਰੇਲੀਆ), ਮੁਕੇਸ਼ ਅਗੀ (ਯੂਐਸ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ), ਚਾਂਗ ਕਾਇ ਫੋਂਗ (ਸਿੰਗਾਪੁਰ ਦੇ ਆਰਥਿਕ ਵਿਕਾਸ ਬੋਰਡ ਦੇ ਮੈਨੇਜਿੰਗ ਡਾਇਰੈਕਟਰ) ਅਤੇ ਵਿਲੀਅਮ ਰਸਲ (ਲੰਡਨ ਦੇ ਸ਼ਹਿਰ ਦੇ ਲਾਰਡ ਮੇਅਰ) ਸ਼ਾਮਲ ਹਨ।