ਨਵੀਂ ਦਿੱਲੀ: ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਧਤਵਾਲੀਆ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਸ਼ਾਮ 7 ਵਜੇ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਧਤਵਾਲੀਆ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪ੍ਰਕਾਸ਼ ਜਾਵਡੇਕਰ ਨਾਲ ਸਟੇਜ ਸਾਂਝੀ ਕੀਤੀ ਸੀ, ਜਦੋਂ ਉਨ੍ਹਾਂ ਨੇ ਕੈਬਿਨੇਟ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਮੀਡੀਆ ਸੈਂਟਰ (ਐਨਐਮਸੀ), ਜਿੱਥੇ ਉਨ੍ਹਾਂ ਦਾ ਦਫ਼ਤਰ ਸਥਿਤ ਹੈ, ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪੂਰੀ ਇਮਾਰਤ ਨੂੰ ਸੈਨੇਟਾਈਜ਼ ਕਰਨ ਲਈ ਮੰਗਲਵਾਰ ਤੱਕ ਬੰਦ ਰੱਖਿਆ ਜਾਵੇਗਾ। ਸਟੈਂਡਰਡ ਪ੍ਰੋਟੋਕੌਲ ਦੇ ਅਨੁਸਾਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਧਤਵਾਲੀਆ ਹੋਰ ਕਿਸ-ਕਿਸ ਦੇ ਸੰਪਰਕ ਵਿੱਚ ਰਹੇ ਸਨ।
ਪ੍ਰੈਸ ਕਾਨਫ਼ਰੰਸਾਂ ਦੇ ਆਯੋਜਨ ਸਮੇਤ ਪੱਤਰ ਸੂਚਨਾ ਦਫ਼ਤਰ ਦੀਆਂ ਸਾਰੀਆਂ ਗਤੀਵਿਧੀਆਂ ਉਦੋਂ ਤੱਕ ਸ਼ਾਸਤਰੀ ਭਵਨ ਤੋਂ ਕੀਤੀਆਂ ਜਾਣਗੀਆਂ ਜਦੋਂ ਤੱਕ ਐਨਐਮਸੀ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਨਹੀਂ ਕੀਤਾ ਜਾਂਦਾ।