ਚੰਡੀਗੜ੍ਹ: ਸੰਘ ਲੋਕ ਸੇਵਾ ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ 2019 ਦਾ ਨਤੀਜਾ ਐਲਾਨ ਦਿੱਤਾ ਹੈ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਯੂ.ਪੀ.ਐਸ.ਸੀ. ਸਿਵਲ ਸੇਵਾ (ਮੇਨਜ਼) ਪ੍ਰੀਖਿਆ 2019 ਵਿੱਚ ਟਾਪ ਕੀਤਾ ਹੈ।
ਦੱਸ ਦਈਏ ਕਿ ਯੂ.ਪੀ.ਐਸ.ਸੀ. ਸਿਵਲ ਸੇਵਾ ਪ੍ਰੀਖਿਆ ਲਈ ਇੰਟਰਵਿਊ 20 ਜੁਲਾਈ ਨੂੰ ਸ਼ੁਰੂ ਕੀਤੇ ਗਏ ਸਨ, ਜਿਸ ਦਾ ਨਤੀਜਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਹੈ।
ਉਮੀਦਵਾਰ ਯੂ.ਪੀ.ਐਸ.ਸੀ. ਦੀ ਵੈਬਸਾਈਟ upsc.gov.in 'ਤੇ ਜਾ ਕੇ ਨਤੀਜਾ ਵੇਖ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਚਲਦਿਆਂ ਲੌਕਡਾਊਨ ਕਾਰਨ ਇਹ ਇੰਟਰਵਿਊ ਪਹਿਲਾਂ ਮੁਅੱਤਲ ਕੀਤੇ ਗਏ ਸਨ, ਜਿਸ ਮਗਰੋਂ ਇਹ 20 ਜੁਲਾਈ ਨੂੰ ਸ਼ੁਰੂ ਕੀਤੇ ਗਏ ਸਨ।
ਯੂ.ਪੀ.ਐਸ.ਸੀ. ਸਿਵਲ ਸੇਵਾ ਪ੍ਰੀਖਿਆ ਨਤੀਜੇ ਦੇ ਨੋਟਿਸ ਅਨੁਸਾਰ ਸਾਲ 2019 ਦੀ ਪ੍ਰੀਖਿਆ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਕੁੱਲ 829 ਉਮੀਦਵਾਰਾਂ ਦੀ ਨਿਯੁਕਤੀ ਲਈ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਗਈ ਹੈ। ਇਸ ਵਿੱਚ 304 ਉਮੀਦਵਾਰ ਜਨਰਲ ਵਰਗ ਤੋਂ ਹਨ, ਜਦਕਿ 78 ਈ.ਡਬਲਯੂ.ਐਸ, 251 ਓ.ਬੀ.ਸੀ., 129 ਐਸ.ਸੀ. ਅਤੇ 67 ਉਮੀਦਵਾਰ ਐਸ.ਟੀ. ਵਰਗਾਂ ਵਿੱਚੋਂ ਹਨ।
ਵਰਨਣਯੋਗ ਹੈ ਕਿ ਯੂ.ਪੀ.ਐਸ.ਸੀ. ਵਿੱਚ ਪ੍ਰਿਲਿਮਜ਼ ਅਤੇ ਮੇਨਜ਼ ਪਾਸ ਕਰਨ ਤੋਂ ਬਾਅਦ ਤੀਜਾ ਪੜ੍ਹਾਅ ਇੰਟਰਵਿਊ ਦਾ ਹੁੰਦਾ ਹੈ। ਇਸ ਵਾਰੀ ਕੋਰੋਨਾ ਕਾਰਨ ਯੂ.ਪੀ.ਐਸ.ਸੀ. ਦੇ ਕੁੱਝ ਇੰਟਰਵਿਊ ਮੁਅੱਤਲ ਕਰ ਦਿੱਤੇ ਗਏ ਸਨ। ਮਗਰੋਂ ਯੂ.ਪੀ.ਐਸ.ਸੀ. ਨੇ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਕਈ ਸਹੂਲਤਾਂ ਦਿੱਤੀਆਂ ਸਨ, ਜਿਹੜੇ ਇੰਟਰਵਿਊ ਵਿੱਚ ਸ਼ਾਮਲ ਹੋਏ ਸਨ।