ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ 2 ਸੇਬ ਵਪਾਰੀਆਂ ਉੱਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਪੁਲਿਸ ਵੱਲੋਂ ਪੋਸਟਰ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਯਦ ਨਵੀਦ ਤੇ ਰਾਹੁਲ ਮਗਰੇ ਸੇਬ ਵਪਾਰੀ ਤੇ ਇੱਕ ਟਰੱਕ ਡਰਾਈਵਰ 'ਤੇ ਹਮਲੇ ਲਈ ਜ਼ਿੰਮੇਵਾਰ ਹਨ।
ਜਾਣਕਾਰੀ ਮੁਤਾਬਕ 14 ਅਕਤੂਬਰ ਤੋਂ ਲੈ ਕੇ 16 ਅਕਤੂਬਰ ਤੱਕ ਅੱਤਵਾਦੀਆਂ ਅਜਿਹੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। 14 ਅਕਤੂਬਰ ਨੂੰ ਸ਼ੋਪੀਆਂ ਵਿੱਚ ਰਾਜਸਥਾਨ ਦੇ ਟਰੱਕ ਡਰਾਇਵਰ ਨੂੰ 2 ਅੱਤਵਾਦੀਆਂ ਨੇ ਗੋਲ਼ੀ ਮਾਰ ਦਿੱਤੀ ਸੀ। ਉੱਥੇ ਹੀ ਪੁਲਵਾਮਾ ਵਿੱਚ ਅੱਤਵਾਦੀਆਂ ਨੇ ਛੱਤੀਸਗੜ੍ਹ ਦੇ ਇੱਕ ਪਰਵਾਸੀ ਮਜ਼ਦੂਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਬੀਤੀ ਸ਼ਾਮ ਅੱਤਵਾਦੀਆਂ ਨੇ ਪੰਜਾਬ ਦੇ 2 ਸੇਬ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਜੰਮੂ ਕਸ਼ਮੀਰ ਇਲਾਕੇ ਵਿਚ ਫ਼ਾਜ਼ਿਲਕਾ ਦੇ ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਅੱਤਵਾਦੀਆਂ ਨੇ ਗੋਲ਼ੀ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਲਗਭਗ 10 ਦਿਨ ਪਹਿਲਾਂ ਅਬੋਹਰ ਤੋਂ ਦੋ ਸੇਬ ਵਪਾਰੀ ਜੰਮੂ ਕਸ਼ਮੀਰ ਵਿਚ ਸੇਬ ਖਰੀਦਣ ਲਈ ਗਏ ਸਨ ਅਤੇ ਜਦੋਂ ਉਹ ਬੀਤੇ ਦਿਨ ਸੇਬਾਂ ਨੂੰ ਲੋਡ ਕਰ ਰਹੇ ਸਨ ਤਾਂ ਉਸ ਸਮੇਂ ਅੱਤਵਾਦੀਆਂ ਨੇ ਉਨ੍ਹਾਂ ਉੱਤੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਨਾਲ ਇਕ ਵਪਾਰੀ ਦੀ ਮੌਤ ਹੋ ਗਈ ਜਦ ਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।
ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਸ਼ੋਪੀਆਂ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਫ਼ਾਜ਼ਿਲਕਾ ਲੈ ਕੇ ਆਉਣ ਲਈ ਮੇਰੀ ਸਰਕਾਰ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਪਾਕਿਸਤਾਨੀ ਅੱਤਵਾਦੀਆਂ ਨੂੰ ਇਹ ਹਮਲੇ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਭਾਰਤ ਸਰਕਾਰ ਸਖ਼ਤ ਕਾਰਵਾਈ ਕਰੇ।"