ਪੂਰਨੀਆ: ਕੋਰੋਨਾ ਵਾਇਰਸ ਨੇ ਆਮ ਜਨ-ਜੀਵਨ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਰੁਜ਼ਗਾਰ, ਉਦਯੋਗ, ਕਾਰੋਬਾਰ, ਹਰ ਖੇਤਰ ਇਸ ਨਾਲ ਪ੍ਰਭਾਵਿਤ ਹੋਇਆ ਹੈ। ਉਥੇ ਹੀ ਸਿੱਖਿਆ ਖੇਤਰ ਵੀ ਇਸ ਤੋਂ ਬਚ ਨਹੀਂ ਸਕਿਆ। ਦੇਸ਼ ਭਰ ਵਿੱਚ ਹਾਲਾਤ ਵਿਗੜਨ ਕਾਰਨ ਸਰਕਾਰ ਅਤੇ ਸਕੂਲ ਪ੍ਰਬੰਧਨ ਨੇ ਆਨਲਾਈਨ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਸ਼ਾਇਦ ਇਹ ਪਹਿਲਕਦਮੀ ਸਾਰੇ ਬੱਚਿਆਂ ਲਈ ਸੌਖੀ ਨਹੀਂ।
ਡਿਜੀਟਲ ਪੜ੍ਹਾਈ ਕਾਰਨ ਮੁਸ਼ਕਿਲਾਂ
ਬਿਹਾਰ ਦੇ ਪੇਂਡੂ ਇਲਾਕੇ ਦੇ ਲੋਕਾਂ ਨੂੰ ਕਈ ਔਕੜਾਂ ਦੀ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਕੜੀ ਮਿਹਨਤ ਕਰਦੇ ਹਨ ਪਰ ਡਿਜੀਟਲ ਪੜ੍ਹਾਈ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਰਾਜਧਾਨੀ ਪਟਨਾ ਤੋਂ 372 ਕਿਲੋਮੀਟਰ ਦੂਰ ਪੂਰਨੀਆ ਜ਼ਿਲ੍ਹੇ ਦੀ ਸਾਖਰਤਾ ਦਰ ਕਰੀਬ 51 ਪ੍ਰਤੀਸ਼ਤ ਹੈ। ਆਨਲਾਈਨ ਪੜ੍ਹਾਈ ਕਾਰਨ ਹੁਣ ਉਨ੍ਹਾਂ ਬੱਚਿਆਂ ਨੂੰ ਵੀ ਪੜ੍ਹਾਉਣਾ ਮੁਸ਼ਕਿਲ ਹੋ ਗਿਆ ਹੈ।
ਪਰਿਵਾਰਾਂ ਦੇ ਹਾਲਾਤ
ਜ਼ਿਲ੍ਹਾ ਪੂਰਨੀਆ ਦੇ ਪਰਿਵਾਰਾਂ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾਉਣਾ ਬੜਾ ਔਖਾ ਹੋ ਗਿਆ ਹੈ ਕਿਉਂਕਿ ਜ਼ਿਆਦਾਤਰ ਲੋਕ ਇਥੇ ਸਫਾਈ ਕਰਮਚਾਰੀ ਹਨ, ਜੋ ਨਗਰ ਨਿਗਮ ਖੇਤਰ ਜਾਂ ਸਰਕਾਰੀ ਹਸਪਤਾਲ ਆਦਿ ਵਿੱਚ ਕੰਮ ਕਰਦੇ ਹਨ। ਇਨ੍ਹਾਂ ਦੀ ਕਮਾਈ 7-8 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੁੰਦੀ ਅਤੇ ਡਿਜੀਟਲ ਪੜ੍ਹਾਈ ਲਈ ਬੱਚਿਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ।
ਕਿਰਾਏ 'ਤੇ ਮੋਬਾਈਲ ਲੈ ਕੇ ਕਰਦੇ ਨੇ ਪੜ੍ਹਾਈ
ਮੋਬਾਈਲ ਰਿਪੇਅਰ ਦੁਕਾਨ ਵਿੱਚ ਰਿਪੇਅਰ ਲਈ ਆਏ ਮੋਬਾਈਲ, ਉਨ੍ਹਾਂ ਦੇ ਮਾਲਕਾਂ ਵੱਲੋਂ ਵਾਪਸ ਨਹੀਂ ਲਏ ਜਾਂਦੇ। ਰਿਪੇਅਰ ਵਾਲੇ ਦੁਕਾਨਦਾਰਾਂ ਵੱਲੋਂ ਉਹ ਮੋਬਾਈਲ ਠੀਕ ਕਰਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਆਨਲਾਈਨ ਪੜ੍ਹਾਈ ਕਰ ਸਕਣ।
ਸਰਕਾਰ ਦੀ ਪਹਿਲ ਜ਼ਰੂਰੀ
ਬੱਚੇ ਕਿਸੇ ਵੀ ਦੇਸ਼ ਦੇ ਸੁਨਿਹਰੇ ਭਵਿੱਖ ਦੀ ਨੀਂਹ ਹੁੰਦੇ ਹਨ ਅਤੇ ਜੇਕਰ ਨੀਂਹ ਕਮਜ਼ੋਰ ਹੋਵੇ ਤਾਂ ਉਸ 'ਤੇ ਖੜੀ ਇਮਾਰਤ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੀ। ਉਸੇ ਤਰ੍ਹਾਂ ਜੇਕਰ ਬੱਚਿਆਂ ਦੀ ਪੜ੍ਹਾਈ ਵਿੱਚ ਕਮੀ ਰਹਿ ਜਾਵੇਗੀ ਤਾਂ ਉਸ ਦਾ ਖਮਿਆਜ਼ਾ ਸਾਰੇ ਮੁਲਕ ਨੂੰ ਭੁਗਤਨਾ ਪਵੇਗਾ। ਜ਼ਰੂਰੀ ਹੈ ਕਿ ਸਰਕਾਰ ਇਸ ਲਈ ਕੋਈ ਕਾਰਗਰ ਕਦਮ ਚੁੱਕੇ।