ਨਵੀਂ ਦਿੱਲੀ: ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਸੀਟਾਂ 'ਤੇ 668 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਜਾਵੇਗਾ। ਦੇਸ਼ ਵਿੱਚ ਹੋ ਰਹੇ ਵਿਰੋਧ ਖ਼ਾਸ ਕਰਕੇ ਦਿੱਲੀ ਵਿੱਚ ਪ੍ਰਦਰਸ਼ਨਾਂ ਕਰ ਕੇ ਇਹ ਵੋਟਾਂ ਬੇਹੱਦ ਖ਼ਾਸ ਜਾਪ ਰਹੀਆਂ ਹਨ। ਉੱਥੇ ਹੀ ਵਿਦੇਸ਼ੀ ਮੰਤਰੀ ਡਾ. ਐਸ ਜੈਸ਼ੰਕਰ ਨੇ ਵੋਟ ਪਾ ਦਿੱਤੀ ਹੈ।
ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਵਿਦੇਸ਼ੀ ਮੰਤਰੀ ਡਾ. ਐਸ ਜੈਸ਼ੰਕਰ ਨੇ ਐਨਡੀਐਮਸੀ ਸਕੂਲ ਆਫ਼ ਸਾਇੰਸ ਐਂਡ ਬਿਊਮੀਨੀਟੀਜ਼ ਐਜ਼ੂਕੇਸ਼ਨ ਦੇ ਤੁਗ਼ਲਕ ਧਰਮਸ਼ਾਲਾ ਵਿੱਚ ਸਥਾਪਤ ਮਤਦਾਨ ਕੇਂਦਰ ਜਾ ਕੇ ਆਪਣੀ ਵੋਟ ਪਾਈ।
ਦਿੱਲੀ ਦੀਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਭਾਰਤੀ ਜਨਤਾ ਪਾਰਟੀ ਦੇ ਵਿਜੇਂਦਰ ਗੁਪਤਾ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਵੱਡੇ ਚਿਹਰੇ ਹਨ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਵਿੱਚ ਸਭ ਤੋਂ ਜ਼ਿਆਦਾ ਉਮੀਦਵਾਰ(28) ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਇਹ ਵੀ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਵੀਂ ਦਿੱਲੀ ਤੋਂ ਹੀ ਚੋਣ ਲੜ ਰਹੇ ਹਨ। ਜਦੋਂ ਕਿ ਸਭ ਤੋਂ ਘੱਟ (4) ਪਟੇਲ ਨਗਰ ਵਿੱਚ ਹਨ।
ਘਰ ਬੈਠੇ ਕਰੋ ਮਤਦਾਨ ਕੇਂਦਰ ਤੇ ਭੀੜ ਦਾ ਪਤਾ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਤਦਾਤਾ ਘਰ ਬੈਠ ਹੀ ਮਤਦਾਨ ਕੇਂਦਰ ਤੇ ਮੌਜੂਦ ਭੀੜ ਦਾ ਅੰਦਾਜ਼ਾ ਲਾ ਸਕਦੇ ਹਨ। ਇਹ ਬੂਥ ਐਪ ਨਾਲ ਸੰਭਵ ਹੈ। ਇਸ ਨਾਲ ਤੁਹਾਨੂੰ ਬੂਥ ਤੇ ਭੀੜ ਦਾ ਅੰਦਾਜ਼ਾ ਹੋ ਜਾਵੇਗਾ। ਦਿੱਲੀ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜੋ ਇਸ ਐਪ ਦਾ ਇਸਤੇਮਾਲ ਕਰੇਗਾ।
ਵੋਟਰਾਂ ਦੀ ਗਿਣਤੀ
ਦਿੱਲੀ ਚੋਣਾਂ ਵਿੱਚ 1,47,86,382 ਵਿਅਤੀਆਂ ਨੂੰ ਵੋਟ ਦੇਣ ਦਾ ਅਧਿਕਾਰ ਹੈ ਜਿੰਨ੍ਹਾਂ ਵਿੱਚੋਂ 2,32,815 ਵੋਟਰ ਉਹ ਹਨ ਜੋ ਪਹਿਲੀ ਵਾਰ ਵੋਟ ਦੇਣ ਜਾ ਰਹੇ ਹਨ। ਇਸ ਵਾਰ 13,715 ਬੂਥ ਬਣਾਏ ਗਏ ਹਨ ਜਿੰਨਾਂ ਵਿੱਚੋਂ 3704 ਬੂਥਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।
ਚੋਣ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਚੋਣਾਂ ਨੂੰ ਪੂਰੇ ਅਮਨੋ-ਅਮਾਨ ਨਾਲ ਕਰਵਾਉਣ ਲਈ 40,000 ਸੁਰੱਖਿਆ ਕਰਮਚਾਰੀ, 19,000 ਹੋਮਗਾਰਡ ਦੇ ਜਵਾਨ ਅਤੇ ਸੀਆਰਪੀਐਫ਼ ਦੀਆਂ 190 ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੀ 70 ਵਿੱਚੋਂ 67 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਜਦੋਂ ਕਿ ਭਾਰਤੀ ਜਨਤਾ ਪਾਰਟੀ 3 ਸੀਟਾਂ ਮਿਲੀਆਂ ਸੀ। ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ: ਵੋਟਾਂ ਤੋਂ ਪਹਿਲਾਂ ਕੇਜਰੀਵਾਲ ਨੂੰ EC ਨੇ ਕੱਢਿਆ ਨੋਟਿਸ