ਚੰਡੀਗੜ੍ਹ: ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁੱਝ ਹੀ ਦਿਨ ਬਚੇ ਹਨ ਜਿਸ ਨੂੰ ਵੇਖਦਿਆਂ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਹੈ। ਬੁੱਧਵਾਰ ਨੂੰ ਅਮਿਤ ਸ਼ਾਹ, ਮਾਇਆਵਤੀ, ਮਨੋਹਰ ਲਾਲ ਖੱਟਰ ਜੈਰਾਮ ਠਾਕੁਰ ਸਣੇ ਕਈ ਦਿੱਗਜ ਹਰਿਆਣਾ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਇੱਥੇ ਜ਼ਿਕਰ ਕਰ ਦਈਏ ਕਿ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਅੱਜ ਜੇਜੇਪੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਅਮਿਤ ਸ਼ਾਹ ਹਰਿਆਣਾ ਵਿੱਚ ਅੱਜ 4 ਰੈਲੀਆਂ ਕਰ ਰਹੇ ਹਨ ਜਿਸ ਦੌਰਾਨ ਉਹ ਬੀਜੇਪੀ ਉਮੀਦਵਾਰਾਂ ਲਈ ਵੋਟਾਂ ਦੀ ਅਪੀਲ ਕਰਨਗੇ। ਇਸ ਵਾਰ ਬੀਜੇਪੀ ਨੇ ਹਰਿਆਣਾ ਚੋਣਾਂ ਵਿੱਚ 75 ਤੋਂ ਜ਼ਿਆਦਾ ਸੀਟਾਂ ਲੈ ਕੇ ਆਉਣ ਦਾ ਦਾਅਵਾ ਕੀਤਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਚੋਣ ਪ੍ਰਚਾਰ ਕਰਨਗੇ ਅਤੇ ਜਨਸਭਾ ਨੂੰ ਸੰਬੋਧਨ ਕਰਨਗੇ। ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਹਰਿਆਣਾ ਵਿੱਚ ਚੋਣ ਰੈਲੀ ਕਰਨਗੇ ਅਤੇ ਵੋਟ ਲਈ ਅਪੀਲ ਕਰਨਗੇ।
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਵੀ ਹਰਿਆਣਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਕੇ ਜਨਤਾ ਨੂੰ ਵੋਟਾਂ ਲਈ ਅਪੀਲ ਕਰਨਗੇ। ਨਿਤਿਨ ਗਡਕਰੀ ਵੀ ਹਰਿਆਣਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਬੀਜੇਪੀ ਉਮੀਦਵਾਰਾਂ ਲਈ ਵੋਟ ਦੀ ਅਪੀਲ ਕਰਨਗੇ।