ਅਸਮ: ਸੂਬੇ ਬਾਰਪੋਟਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਡਾ. ਰੋਬਿਨ ਕੁਮਾਰ ਇੱਕ ਪੁਲਿਸ ਅਧਿਕਾਰੀ ਹੋਣ ਦੇ ਨਾਲ ਨਾਲ ਕੋਵਿਡ-19 ਮਰੀਜਾਂ ਨੂੰ ਇਲਾਜ ਵੀ ਦਿੰਦੇ ਹਨ। ਉਹ ਖਾਕੀ ਵਰਦੀ ਵਾਲੇ ਆਦਮੀ ਹਨ ਪਰ ਸਿਖਿਅਤ ਡਾਕਟਰ ਵੀ ਹਨ। ਇਸ ਲਈ ਜਦੋਂ ਕੋਵਿਡ-19 ਦਾ ਕਹਿਰ ਵਾਪਰਿਆ, ਉਨ੍ਹਾਂ ਨੇ ਤੁਰੰਤ ਆਪਣੀ ਵਰਦੀ ਉੱਤੇ ਆਲਾ ਟੰਗਣ ਦਾ ਫ਼ੈਸਲਾ ਕੀਤਾ। ਉਨ੍ਹਾਂ ਡਾਕਟਰ ਵਜੋਂ ਜੋ ਕੁਝ ਕਰਨਾ ਸਿਖਾਇਆ ਗਿਆ ਸੀ, ਉਸ ਦੀ ਜ਼ਿੰਮੇਵਾਰੀ ਲਈ।
ਇੱਕ ਪੁਲਿਸ ਅਧਿਕਾਰੀ ਵਜੋਂ ਆਪਣੀਆਂ ਨਿਯਮਤ ਡਿਊਟੀ ਸਾਂਭਣ ਦੇ ਨਾਲ ਨਾਲ ਕੁਮਾਰ ਨੇ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਪੁਲਿਸ ਬਲ ਅਤੇ ਆਪਣੇ ਸਹਿਯੋਗੀਆਂ ਦੀ ਮਦਦ ਲਈ ਇੱਕ ਮੈਡੀਕਲ ਕੈਂਪ ਸਥਾਪਤ ਕੀਤਾ ਹੈ।
ਉਨ੍ਹਾਂ ਨੇ ਬਾਰਪੇਟਾ ਸਥਿਤ ਪੁਲਿਸ ਰਿਜ਼ਰਵ ਵਿੱਚ ਇੱਕ ਕੋਵਿਡ ਕੇਂਦਰ ਵੀ ਸਥਾਪਿਤ ਕੀਤਾ ਹੈ, ਜਿੱਥੇ ਉਨ੍ਹਾਂ ਦੇ ਸਹਿਯੋਗੀ ਖ਼ੁਦ ਪਹੁੰਚ ਕੇ ਜਾਂਚ ਕਰਵਾ ਸਕਦੇ ਹਨ। ਡਾ. ਕੁਮਾਰ ਹੁਣ ਤੱਕ ਜ਼ਿਲ੍ਹੇ ਦੇ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਡਾਕਟਰੀ ਮਦਦ ਦੇ ਚੁੱਕੇ ਹਨ। ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਡਾ. ਕੁਮਾਰ ਦੇ ਇਸ ਕੰਮ ਦੀ ਸ਼ਲਾਘਾ ਕਰ ਚੁੱਕੇ ਹਨ ਜਿਨ੍ਹਾਂ ਦੇ ਲੱਕ 'ਤੇ ਅਕਸਰ ਸਰਵਿਸ ਰਿਵਾਲਵਰ ਤੇ ਗਲੇ ਵਿੱਚ ਲਟਕਿਆ ਆਲਾ ਮਿਲਦਾ ਹੈ। ਅਸਮ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਭਾਸਕਰ ਜੋਤੀ ਮਹੰਤ ਨੇ ਵੀ ਡਾ. ਕੁਮਾਰ ਦੀ ਪ੍ਰਸ਼ੰਸਾ ਕੀਤੀ ਹੈ।
ਡਾ. ਰੋਬਿਨ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦੇ ਸਹਿਯੋਗੀ ਅਤੇ ਸੀਨੀਅਰ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ ਜੋ ਕਿ ਉਨ੍ਹਾਂ ਲਈ ਮਾਨ ਵਾਲੀ ਗੱਲ ਹੈ। ਪੁਲਿਸ ਸੇਵਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਡਾ. ਕੁਮਾਰ ਨੇ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਹਸਪਤਾਲਾਂ ਵਿਚ ਡਾਕਟਰੀ ਸੇਵਾਵਾਂ ਦਿੱਤੀਆਂ ਹਨ। ਹਰ ਕੋਈ ਡਾ: ਕੁਮਾਰ ਦੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕਰਦਾ ਹੈ।