ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ, 2020 ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਚੇਨਈ ਤੇ ਪੋਰਟ ਬਲੇਅਰ ਨੂੰ ਜੋੜਨ ਲਈ ਸਮੁੰਦਰ ਦੇ ਹੇਠਾਂ ਔਪਟੀਕਲ ਫ਼ਾਈਬਰ ਕੇਬਲ (ਓਐੱਫ਼ਸੀ) ਦਾ ਉਦਘਾਟਨ ਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸਮੁੰਦਰ ਹੇਠਾਂ ਦੀ ਲੰਘਣ ਵਾਲੀ ਇਹ ਕੇਬਲ ਪੋਰਟ ਬਲੇਅਰ ਨੂੰ ਸਵਰਾਜ ਦਵੀਪ (ਹੈਵਲੌਕ), ਲਿਟਲ ਅੰਡੇਮਾਨ, ਕਾਰ ਨਿਕੋਬਾਰ, ਕਮੋਰਟਾ, ਗ੍ਰੇਟ ਨਿਕੋਬਾਰ, ਲੌਂਗ ਆਈਲੈਂਡ ਤੇ ਰੰਗਟ ਨਾਲ ਜੋੜੇਗੀ। ਇਸ ਕਨੈਕਟੀਵਿਟੀ ਨਾਲ ਭਾਰਤ ਦੇ ਹੋਰਨਾਂ ਹਿੱਸਿਆਂ ਵਾਂਗ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਤੇਜ਼–ਰਫ਼ਤਾਰ ਤੇ ਵਧੇਰੇ ਭਰੋਸੋਯੋਗ ਮੋਬਾਈਲ ਤੇ ਲੈਂਡਲਾਈਨ ਦੂਰਸੰਚਾਰ ਸੇਵਾਵਾਂ ਦੀ ਡਿਲਿਵਰੀ ਯੋਗ ਹੋਵੇਗੀ। ਇਸ ਪ੍ਰੋਜੈਕਟ ਲਈ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਪੋਰਟ ਬਲੇਅਰ ਵਿਖੇ 20 ਦਸੰਬਰ, 2018 ਨੂੰ ਰੱਖਿਆ ਸੀ।
ਇੱਕ ਵਾਰ ਉਦਘਾਟਨ ਹੋਣ ਤੋਂ ਬਾਅਦ, ਸਮੁੰਦਰ ਹੇਠੋਂ ਦੇ ਇਸ ਓਐੱਫ਼ਸੀ (OFC) ਲਿੰਕ ਜ਼ਰੀਏ ਚੇਨਈ ਅਤੇ ਪੋਰਟ ਬਲੇਅਰ ਵਿਚਾਲੇ 2 X 200 ਗੀਗਾਬਾਈਟ ਪ੍ਰਤੀ ਸੈਕੰਡ (ਜੀਬੀਪੀਐੱਸ – Gbps) ਅਤੇ ਪੋਰਟ ਬਲੇਅਰ ਤੇ ਹੋਰ ਟਾਪੂਆਂ ਵਿਚਾਲੇ 2 X 100 ਜੀਬੀਪੀਐੱਸ ਦੀ ਬੈਂਡਵਿਡਥ ਮਿਲੇਗੀ। ਇਨ੍ਹਾਂ ਟਾਪੂਆਂ ਵਿੱਚ ਭਰੋਸੇਯੋਗ, ਮਜ਼ਬੂਤ ਤੇ ਤੇਜ਼–ਰਫ਼ਤਾਰ ਟੈਲੀਕੌਮ ਤੇ ਬ੍ਰੌਡਬੈਂਡ ਸੁਵਿਧਾਵਾਂ ਦੀ ਵਿਵਸਥਾ ਖਪਤਕਾਰਾਂ ਦੇ ਨਾਲ–ਨਾਲ ਰਣਨੀਤਕ ਤੇ ਗਵਰਨੈਂਸ ਕਾਰਨਾਂ ਦੇ ਦ੍ਰਿਸ਼ਟੀਕੋਣ ਤੋਂ ਇੱਕ ਇਤਿਹਾਸਿਕ ਪ੍ਰਾਪਤੀ ਹੋਵੇਗੀ। 4ਜੀ ਮੋਬਾਈਲ ਸੇਵਾਵਾਂ, ਜਿਨ੍ਹਾਂ ਵਿੱਚ ਸੀਮਤ ਬੈਕਹੌਲ ਬੈਂਡਵਿਡਥ ਕਾਰਨ ਰੁਕਾਵਟ ਆਉਂਦੀ ਸੀ, ਵਿੱਚ ਵੀ ਇੱਕ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
ਵਧੀ ਹੋਈ ਟੈਲੀਕਾਮ ਤੇ ਬ੍ਰੌਡਬੈਂਡ ਕਨੈਕਟੀਵਿਟੀ ਨਾਲ ਇਨ੍ਹਾਂ ਟਾਂਪੂਆਂ ਵਿੱਚ ਟੂਰਿਜ਼ਮ ਤੇ ਰੋਜ਼ਗਾਰ ਵਾਧੇ ਨੂੰ ਬਲ ਮਿਲੇਗਾ, ਜਿਸ ਨਾਲ ਅਰਥਵਿਵਸਥਾ ਮਜ਼ਬੂਤ ਹੋਵੇਗੀ ਤੇ ਜੀਵਨ ਮਿਆਰ ਉੱਚਾ ਹੋਵੇਗਾ। ਬਿਹਤਰ ਕਨੈਕਟੀਵਿਟੀ ਨਾਲ ਈ–ਗਵਰਨੈਂਸ ਸੇਵਾਵਾਂ, ਜਿਵੇਂ ਕਿ ਟੈਲੀ–ਮੈਡੀਸਨ ਅਤੇ ਟੈਲੀ–ਐਜੂਕੇਸ਼ਨ ਦੀ ਡਿਲਿਵਰੀ ਦੀ ਸੁਵਿਧਾ ਵੀ ਮਿਲੇਗੀ। ਛੋਟੇ ਉੱਦਮਾਂ ਨੂੰ ਈ–ਕਮਰਸ ਦੇ ਮੌਕਿਆਂ ਤੋਂ ਲਾਭ ਹੋਵੇਗਾ, ਜਦ ਕਿ ਵਿੱਦਿਅਕ ਸੰਸਥਾਨ ਈ–ਸਿਖਲਾਈ ਤੇ ਗਿਆਨ ਵੰਡਣ ਲਈ ਬੈਂਡਵਿਡਥ ਦੀ ਉਪਲਬਧਤਾ ਵਿੱਚ ਵਾਧੇ ਦਾ ਲਾਭ ਲੈਣਗੇ। ਬਿਜ਼ਨੇਸ ਪ੍ਰੋਸੈੱਸ ਆਊਟਸੋਰਸਿੰਗ ਸੇਵਾਵਾਂ ਤੇ ਹੋਰ ਦਰਮਿਆਨੇ ਤੇ ਵੱਡੇ ਉੱਦਮਾਂ ਨੂੰ ਵੀ ਇਸ ਬਿਹਤਰ ਕਨੈਕਟੀਵਿਟੀ ਦੇ ਲਾਭ ਮਿਲਣਗੇ।
ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਦੁਆਰਾ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਤਹਿਤ ‘ਯੂਨੀਵਰਸਲ ਸਰਵਿਸ ਓਬਲੀਗੇਸ਼ਨ ਫ਼ੰਡ’ (ਯੂਐੱਸਓਐੱਫ਼ – USOF) ਜ਼ਰੀਏ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਭਾਰਤ ਸੰਚਾਰ ਨਿਗਮ ਲਿਮਿਟਿਡ (ਬੀਐੱਸਐੱਨਐੱਲ – BSNL) ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਿਆ ਤੇ ‘ਟੈਲੀਕਮਿਊਨੀਕੇਸ਼ਨਸ ਕੰਸਲਟੈਂਟਸ ਇੰਡੀਆ ਲਿਮਿਟਿਡ’ (ਟੀਸੀਆਈਐੱਲ – TCIL) ਤਕਨੀਕੀ ਸਲਾਹਕਾਰ ਹੈ। ਲਗਭਗ 2,300 ਕਿਲੋਮੀਟਰ ਓਐੱਫ਼ਸੀ (OFC) ਕੇਬਲ ਸਮੁੰਦਰ ਦੇ ਹੇਠਾਂ 1,224 ਕਰੋੜ ਰੁਪਏ ਦੀ ਲਾਗਤ ਨਾਲ ਵਿਛਾ ਦਿੱਤੀ ਗਈ ਹੈ ਤੇ ਇਹ ਪ੍ਰੋਜੈਕਟ ਸਮੇਂ–ਸਿਰ ਮੁਕੰਮਲ ਹੋਇਆ ਹੈ।