ਨਵੀਂ ਦਿੱਲੀ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਆਉਣਗੇ। ਇਸ ਮੁਲਾਕਾਤ ਤੋਂ ਠੀਕ ਪਹਿਲਾਂ, ਭਾਰਤ ਵਿੱਚ ਚੀਨ ਦੇ ਰਾਜਦੂਤ ਸਨ ਵੇਡਾਂਗ ਨੇ ਭਾਰਤ-ਚੀਨ ਸਬੰਧਾਂ ਬਾਰੇ ਇੱਕ ਬਿਆਨ ਦਿੱਤਾ ਹੈ। ਅਜਿਹੇ ਸਮੇਂ ਉੱਤੇ ਉਨ੍ਹਾਂ ਦਾ ਬਿਆਨ ਆਉਣਾ ਬਹੁਤ ਮਹੱਤਵਪੂਰਨ ਹੈ।
ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਚੀਨੀ ਰਾਜਦੂਤ ਨੇ ਕਿਹਾ ਕਿ, 'ਸਰਹੱਦ ਉੱਤੇ ਅੰਤਿਮ ਨਿਪਟਾਰੇ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਤੋਂ ਪਹਿਲਾਂ, ਸਾਨੂੰ ਸਾਂਝੇ ਤੌਰ ਤੋਂ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਜ਼ਰੂਰਤ ਹੈ।'
ਇਸ ਦੇ ਨਾਲ ਹੀ, ਉਨ੍ਹਾਂ ਨੇ ਭਾਰਤ ਅਤੇ ਚੀਨ ਦਰਮਿਆਨ ਵੱਧ ਰਹੇ ਵਪਾਰ ਘਾਟੇ 'ਤੇ ਕਿਹਾ ਕਿ ਚੀਨ ਨੇ ਕਦੇ ਵੀ ਵਪਾਰ ਸਰਪਲੱਸ ਦੀ ਗੱਲ ਨਹੀਂ ਕੀਤੀ ਅਤੇ ਚੀਨ ਅਤੇ ਭਾਰਤ ਵਿਚਾਲੇ ਵਪਾਰ ਅਸੰਤੁਲਨ ਦੋਹਾਂ ਦੇ ਉਦਯੋਗਿਕ ਢਾਂਚਿਆਂ ਵਿੱਚ ਅੰਤਰ ਦਾ ਨਤੀਜਾ ਹੈ।
ਤੁਹਾਨੂੰ ਦੱਸ ਦਈਏ ਕਿ ਜਿਨਪਿੰਗ ਆਪਣੀ 2 ਦਿਨਾਂ ਫੇਰੀ ਦੌਰਾਨ ਚੇਨਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਹ 11 ਅਕਤੂਬਰ ਨੂੰ ਭਾਰਤ ਪਹੁੰਚ ਰਹੇ ਹਨ। ਇਸ ਦੇ ਨਾਲ ਹੀ, ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਧਾਰਾ 370 'ਤੇ ਚੀਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।
ਖ਼ਬਰਾਂ ਮੁਤਾਬਕ, ਮੋਦੀ ਅਤੇ ਜਿਨਪਿੰਗ ਸ਼ੁੱਕਰਵਾਰ ਸ਼ਾਮ 5 ਵਜੇ ਦੇ ਕਰੀਬ ਇਕੱਠੇ ਹੋਣਗੇ। ਇਨ੍ਹਾਂ ਦੋਹਾਂ ਨੇਤਾਵਾਂ ਦਰਮਿਆਨ ਹੋਣ ਵਾਲੀ ਦੂਜੀ ਗ਼ੈਰ ਰਸਮੀ ਮੁਲਾਕਾਤ ਹੋਵੇਗੀ। ਬੈਠਕ ਵਿੱਚ, ਲਾਈਨ ਆਫ਼ ਐਕਚੂਅਲ ਕੰਟਰੋਲ ਨੂੰ ਸਹੀ ਰੱਖਣ ਅਤੇ ਵਪਾਰ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਹੋ ਸਕਦੇ ਹਨ। ਇਸ ਤੋਂ ਇਲਾਵਾ, ਮੋਦੀ ਅਤੇ ਜਿਨਪਿੰਗ ਚੇਨਈ ਦੇ ਮੰਦਰ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਸਰਕਾਰੀ ਸੂਤਰਾਂ ਅਨੁਸਾਰਸ, ਸ਼ੀ ਜਿਨਪਿੰਗ 11 ਅਕਤੂਬਰ ਨੂੰ ਚੇਨਈ ਪਹੁੰਚਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜਿਨਪਿੰਗ ਨੂੰ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਦੇ ਦਰਸ਼ਨ ਕਰਵਾਉਣਗੇ।
ਇਹ ਵੀ ਪੜ੍ਹੋ: ਜਨਮ ਦਿਨ ਉੱਤੇ ਖ਼ਾਸ : ਖੇਡਾਂ ਦਾ ਸਰਦਾਰ, ਬਲਬੀਰ ਸਿੰਘ ਸੀਨੀਅਰ
ਪੀਐਮ ਮੋਦੀ ਚੀਨੀ ਰਾਸ਼ਟਰਪਤੀ ਦੇ ਸਨਮਾਨ ਵਿੱਚ ਇੱਕ ਡਿਨਰ ਦਾ ਆਯੋਜਨ ਵੀ ਕਰਨਗੇ। 12 ਅਕਤੂਬਰ ਨੂੰ ਦੋਵਾਂ ਨੇਤਾਵਾਂ ਵਿਚਾਲੇ ਵਫ਼ਦ ਪੱਧਰੀ ਗੱਲਬਾਤ ਹੋਵੇਗੀ। ਇਸ ਸਮੇਂ ਦੌਰਾਨ, ਐਨਐਸਏ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਚੇਨਈ ਵਿੱਚ ਮੌਜੂਦ ਰਹਿਣਗੇ।
ਦੱਸਣਯੋਗ ਹੈ ਕਿ ਭਾਰਤ ਆਉਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ। ਇਸ ਸਮੇਂ ਦੌਰਾਨ, ਇਮਰਾਨ ਖਾਨ ਚੀਨ ਵਿੱਚ ਹੀ ਹਨ।