ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੇਸ਼ ਦੇ 6 ਕਰੋੜ ਕਿਸਾਨਾਂ ਨੂੰ ਪੀਐਮ-ਕਿਸਾਨ ਸਨਮਾਨ ਨਿਧੀ ਤਹਿਤ ਦਸੰਬਰ ਮਹੀਨੇ ਦੀ ਕਿਸ਼ਤ ਦੇ ਰੂਪ ਵਿੱਚ 12 ਹਜ਼ਾਰ ਕਰੋੜ ਰੁਪਏ ਜਾਰੀ ਕਰਕੇ ਉਨ੍ਹਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣਗੇ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸੂਤਰ ਮੁਤਾਬਕ ਪ੍ਰਧਾਨ ਮੰਤਰੀ ਵੀਰਵਾਰ ਨੂੰ ਤੁਮਕੂਰ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਇਹ ਪੈਸੇ ਕਿਸਾਨਾਂ ਦੇ ਖ਼ਾਤਿਆਂ ਵਿੱਚ ਭੇਜਣਗੇ।
ਜ਼ਿਕਰਯੋਗ ਹੈ ਕਿ ਪੀਐਮ ਕਿਸਾਨ ਸਨਮਾਨ ਨਿਧੀ ਦੇ ਲਾਭ ਪਾਤਰ ਕਿਸਾਨਾਂ ਨੂੰ ਦਸੰਬਰ ਮਹੀਨੇ ਵਿੱਚ ਮਿਲਣ ਵਾਲੀ 2 ਹਜ਼ਾਰ ਰੁਪਏ ਦੀ ਕਿਸ਼ਤ ਨਹੀਂ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨਪਸੰਦ ਯੋਜਨਾ ਪੀਐਮ ਕਿਸਾਨ ਮਨਮਾਨ ਨਿਧੀ ਦਾ ਲਾਭ ਦੇਸ਼ ਭਰ ਦੇ ਕਿਸਾਨ ਲੈ ਰਹੇ ਹਨ ਪਰ ਪੱਛਮੀ ਬੰਗਾਲ ਦੇ 70 ਲੱਖ ਕਿਸਾਨ ਇਸ ਲਾਭ ਤੋਂ ਵਾਂਝੇ ਹਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਸ ਯੋਜਨਾ ਉੱਤੇ ਇਤਰਾਜ਼ ਪ੍ਰਗਾਉਣ ਕਾਰਨ ਇਹ ਯੋਜਨਾ ਉੱਥੇ ਅਜੇ ਤੱਕ ਲਾਗੂ ਨਹੀਂ ਹੋ ਸਕੀ ਹੈ। ਮਮਤਾ ਬੈਨਰਜੀ ਇਸ ਯੋਜਨਾ ਦੀ ਨਿਖੇਧੀ ਕਰ ਰਹੀ ਹੈ ਇਸੇ ਲਈ ਉਹ ਇਸ ਯੋਜਨਾ ਨੂੰ ਸੂਬੇ ਵਿੱਚ ਲਾਗੂ ਹੋਣ ਦੇ ਪੱਖ ਵਿੱਚ ਨਹੀਂ ਹੈ।
ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਵਿਚ ਇਕ ਕਿਸਾਨ ਪਰਿਵਾਰ ਨੂੰ ਸਿੱਧਾ 6 ਹਜ਼ਾਰ ਰੁਪਏ ਸਾਲਾਨਾ ਟ੍ਰਾਂਸਫਰ ਕੀਤਾ ਜਾਂਦਾ ਹੈ। ਇਹ ਰਕਮ ਤਿੰਨ ਕਿਸ਼ਤਾਂ ਵਿਚ ਅਦਾ ਕੀਤੀ ਜਾਂਦੀ ਹੈ ਅਤੇ ਹਰ ਕਿਸ਼ਤ ਦੀ ਰਕਮ 2 ਹਜ਼ਾਰ ਰੁਪਏ ਹੈ।
ਇਸ ਯੋਜਨਾ ਦਾ ਲਾਭ ਪਿਛਲੇ ਸਾਲ ਦਸੰਬਰ ਤੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਪਰ ਜਦੋਂ ਕਿਸਾਨ ਇਸ ਸਕੀਮ ਵਿਚ ਸ਼ਾਮਲ ਹੁੰਦੇ ਹਨ ਅਤੇ ਇਸ ਦੇ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਂਦੇ ਹਨ, ਤਾਂ ਉਹ ਉਸੇ ਸਮੇਂ ਤੋਂ ਇਸ ਸਕੀਮ ਦਾ ਲਾਭ ਪ੍ਰਾਪਤ ਕਰਦੇ ਹਨ। ਅਜਿਹੀ ਸਥਿਤੀ ਵਿੱਚ ਪੱਛਮੀ ਬੰਗਾਲ ਦੇ ਕਿਸਾਨ ਤਿੰਨ ਕਿਸ਼ਤਾਂ ਭਾਵ 6 ਹਜ਼ਾਰ ਰੁਪਏ ਦੇ ਲਾਭ ਤੋਂ ਵਾਂਝੇ ਰਹਿ ਗਏ ਹਨ।
ਕੇਂਦਰ ਸਰਕਾਰ ਨੇ 29 ਦਸੰਬਰ ਤੱਕ ਲਗਭਗ 9.2 ਕਰੋੜ ਕਿਸਾਨਾਂ ਦੇ ਆਂਕੜੇ ਇਕੱਠੇ ਕੀਤੇ ਹਨ। ਉੱਤਰ ਪ੍ਰਦੇਸ਼ ਵਿੱਚ ਕੁੱਲ 2.4 ਕਰੋੜ ਕਿਸਾਨ ਹਨ, ਜਿਨ੍ਹਾਂ ਵਿੱਚੋਂ 2 ਕਰੋੜ ਕਿਸਾਨਾਂ ਦੇ ਆਂਕੜੇ ਇਕੱਠੇ ਕੀਤੇ ਗਏ ਹਨ।