ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਨਵੀਂ ਸੰਸਦ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਦ ਦੀ ਨਵੀਂ ਇਮਾਰਤ 64,500 ਵਰਗ ਮੀਟਰ ਦੇ ਖੇਤਰ ਵਿੱਚ ਹੋਵੇਗੀ ਅਤੇ ਇਸ ਦੇ ਨਿਰਮਾਣ ‘ਤੇ ਕੁਲ 971 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਮੌਜੂਦਾ ਇਮਾਰਤ ਬਾਰੇ ਵੇਰਵੇ ਪੇਸ਼ ਕਰਦਿਆਂ ਬਿਰਲਾ ਨੇ ਕਿਹਾ ਕਿ ਲੋਕਤੰਤਰ ਦਾ ਮੌਜੂਦਾ ਮੰਦਰ ਆਪਣੇ 100 ਸਾਲ ਪੂਰੇ ਕਰ ਰਿਹਾ ਹੈ। ਇਹ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੋਵੇਗੀ ਕਿ ਨਵੀਂ ਇਮਾਰਤ ਦਾ ਨਿਰਮਾਣ ਸਾਡੇ ਆਪਣੇ ਲੋਕ ਕਰਨਗੇ, ਜੋ ਕਿ ਸਵੈ-ਨਿਰਭਰ ਭਾਰਤ ਦੀ ਪ੍ਰਮੁੱਖ ਉਦਾਹਰਣ ਹੋਵੇਗੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨਵੀਂ ਇਮਾਰਤ ਰਾਹੀਂ ਪ੍ਰਦਰਸ਼ਿਤ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਸੰਸਦ ਦਾ ਸੈਸ਼ਨ ਨਵੀਂ ਇਮਾਰਤ ‘ਚ ਆਯੋਜਿਤ ਕੀਤਾ ਜਾਵੇਗਾ।
ਲੋਕ ਸਭਾ ਸਪੀਕਰ ਦੇ ਅਨੁਸਾਰ ਸੰਸਦ ਦੀ ਨਵੀਂ ਇਮਾਰਤ ਵਿੱਚ ਭੂਚਾਲ ਵਿਰੋਧੀ ਸਮਰੱਥਾ ਹੋਵੇਗੀ ਅਤੇ ਇਸ ਦੇ ਨਿਰਮਾਣ ਵਿੱਚ 2000 ਲੋਕ ਸਿੱਧੇ ਤੌਰ ‘ਤੇ ਸ਼ਾਮਿਲ ਹੋਣਗੇ ਅਤੇ 9000 ਲੋਕਾਂ ਦੀ ਅਸਿੱਧੇ ਤੌਰ ‘ਤੇ ਸ਼ਮੂਲੀਅਤ ਹੋਵੇਗੀ।
ਉਨ੍ਹਾਂ ਕਿਹਾ ਕਿ ਨਵੇਂ ਸੰਸਦ ਭਵਨ ਵਿੱਚ 1224 ਸੰਸਦ ਮੈਂਬਰ ਇਕੱਠੇ ਬੈਠ ਸਕਣਗੇ ਤੇ ਮੌਜੂਦਾ ਸ਼ਰਮ ਸ਼ਕਤੀ ਭਵਨ (ਸੰਸਦ ਭਵਨ ਨੇੜੇ) ਦੀ ਥਾਂ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਲਈ ਦਫ਼ਤਰ ਬਣਾਇਆ ਜਾਵੇਗਾ। ਬਿਰਲਾ ਨੇ ਕਿਹਾ ਕਿ ਸੰਸਦ ਦੀ ਮੌਜੂਦਾ ਇਮਾਰਤ ਨੂੰ ਦੇਸ਼ ਦੀ ਪੁਸ਼ਤੈਨੀ ਜਾਇਦਾਦ ਵਜੋਂ ਸੁਰੱਖਿਅਤ ਰੱਖਿਆ ਜਾਵੇਗਾ।
ਇਸ ਇਮਾਰਤ ਦੇ ਲੋਕ ਸਭਾ ਚੈਂਬਰ ਵਿੱਚ ਬੈਠਣ ਦੀ ਸਮਰੱਥਾ 888 ਹੋਵੇਗੀ ਜਦਕਿ ਰਾਜ ਸਭਾ ਚੈਂਬਰ ਵਿੱਚ 384 ਮੈਂਬਰ ਬੈਠ ਸਕਣਗੇ। ਇਹ ਭਵਿੱਖ ਵਿੱਚ ਦੋਵਾਂ ਸਦਨਾਂ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ। ਇਸ ਸਮੇਂ ਲੋਕ ਸਭਾ ਦੇ 543 ਅਤੇ ਰਾਜ ਸਭਾ ਦੇ 245 ਮੈਂਬਰ ਹਨ।
ਸਤੰਬਰ ਮਹੀਨੇ ਵਿੱਚ, ਟਾਟਾ ਪ੍ਰਾਜੈਕਟ ਲਿਮਟਿਡ ਨੂੰ 861.90 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੰਸਦ ਭਵਨ ਨਿਰਮਾਣ ਦਾ ਠੇਕਾ ਦਿੱਤਾ ਗਿਆ ਸੀ। ਇਹ ਨਵੀਂ ਇਮਾਰਤ ਸੈਂਟਰਲ ਵਿਸਟਾ ਪ੍ਰਾਜੈਕਟ ਦੇ ਅਧੀਨ ਹੈ ਅਤੇ ਮੌਜੂਦਾ ਸੰਸਦ ਭਵਨ ਨੇੜੇ ਬਣਾਈ ਜਾਏਗੀ।