ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਿਕਸ ਸੰਮੇਲਨ (ਬ੍ਰਾਜੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ) ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਪੂਰੀ ਦੁਨੀਆ ਇੱਕ ਪਰਿਵਾਰ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਉਚਿਤ ਬਦਲਾਅ ਜ਼ਰੂਰੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂ.ਐਨ. ਵਿੱਚ ਸਮੇਂ ਦੇ ਨਾਲ ਬਦਲਾਅ ਨਹੀਂ ਹੋਏ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵਿੱਚ ਵੀ ਬਦਲਾਅ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡਬਲਯੂਟੀਓ, ਆਈਐਲਓ ਵਰਗੀਆਂ ਸੰਸਥਾਵਾਂ ਵਿੱਚ ਬਦਲਾਅ ਸਮੇਂ ਦੀ ਮੰਗ ਹੈ। ਉਨ੍ਹਾਂ ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਸ ਉਪਰ ਵੱਡਾ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਦੇਸ਼ ਜਿਹੜੇ ਅੱਤਵਾਦ ਨੂੰ ਸਮਰਥਨ ਕਰਦੇ ਹਨ, ਉਨ੍ਹਾਂ ਦਾ ਵਿਰੋਧ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਤਵਾਦ ਅੱਜ ਦੁਨੀਆ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੈ। ਸਾਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਅੱਤਵਾਦੀਆਂ ਨੂੰ ਸਮਰਥਨ ਅਤੇ ਸਹਾਇਤਾ ਦੇਣ ਵਾਲੇ ਦੇਸ਼ਾਂ ਨੂੰ ਵੀ ਦੋਸ਼ੀ ਠਹਿਰਾਇਆ ਜਾਵੇ ਅਤੇ ਇਸ ਸਮੱਸਿਆ ਦਾ ਸੰਗਠਿਤ ਢੰਗ ਨਾਲ ਮੁਕਾਬਲਾ ਕੀਤਾ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ 'ਆਤਮ-ਨਿਰਭਰ ਭਾਰਤ' ਮੁਹਿੰਮ ਤਹਿਤ ਇੱਕ ਵਿਆਪਕ ਰੀਫ਼ਾਰਮ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਹੈ। ਇਹ ਮੁਹਿੰਮ ਇਸ ਭਰੋਸੇ 'ਤੇ ਆਧਾਰਿਤ ਹੈ ਕਿ ਇੱਕ ਆਤਮ ਨਿਰਭਰ ਅਤੇ ਰੀਸਾਈਲੇਂਟ ਭਾਰਤ ਕੋਰੋਨਾ ਤੋਂ ਬਾਅਦ ਵਿਸ਼ਵ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਾਲਾ ਹੋਵੇਗਾ ਅਤੇ ਵਿਸ਼ਵ ਲੜੀ ਵਿੱਚ ਇੱਕ ਮਜ਼ਬੂਤ ਯੋਗਦਾਨ ਦੇ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸਦੀ ਉਦਹਰਨ ਅਸੀਂ ਕੋਵਿਡ-19 ਦੌਰਾਨ ਵੀ ਵੇਖੀ, ਜਦੋਂ ਭਾਰਤੀ ਫ਼ਾਰਮਾ ਉਦਯੋਗ ਦੀ ਸਮਰੱਥਾ ਕਾਰਨ ਅਸੀਂ 150 ਤੋਂ ਵੱਧ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ। ਸਾਡੀ ਦਵਾਈ ਨਿਰਮਾਣ ਅਤੇ ਡਿਲੀਵਰੀ ਸਮਰੱਥਾ ਵੀ ਇਸ ਤਰ੍ਹਾਂ ਮਨੁੱਖਤਾ ਦੇ ਹਿਤ ਵਿੱਚ ਕੰਮ ਆਏ।
ਬਤੌਰ ਪ੍ਰਧਾਨ ਮੰਤਰੀ, 2021 ਵਿੱਚ ਬ੍ਰਿਕਸ ਦੇ 15 ਸਾਲ ਪੂਰੇ ਹੋ ਜਾਣਗੇ। ਪਿਛਲੇ ਸਾਲਾਂ ਵਿੱਚ ਸਾਡੇ ਵਿਚਕਾਰ ਲਏ ਗਏ ਵੱਖ-ਵੱਖ ਫ਼ੈਸਲਿਆਂ ਦਾ ਮੁਲਾਂਕਣ ਕਰਨ ਲਈ ਸਾਡੇ ਸ਼ੇਰਪਾ ਇੱਕ ਰਿਪੋਰਟ ਬਣਾ ਸਕਦੇ ਹਨ। 2021 ਵਿੱਚ ਆਪਣੀ ਪ੍ਰਧਾਨਗੀ ਦੌਰਾਨ ਅਸੀਂ ਬ੍ਰਿਕਸ ਦੇ ਤਿੰਨਾਂ ਥੰਮ੍ਹਾਂ ਵਿੱਚ ਇੰਟਰਾ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ।
ਜ਼ਿਕਰਯੋਗ ਹੈ ਕਿ ਬ੍ਰਿਕਸ ਦੇਸ਼ਾਂ ਦਾ ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਇਸਦੇ ਦੋ ਮੁੱਖ ਦੇਸ਼ ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿੱਚ ਸਰਹੱਦ 'ਤੇ 6 ਮਹੀਨੇ ਪਹਿਲਾਂ ਹੋਈ ਇੱਕ ਹਿੰਸਕ ਝੜਪ ਤੋਂ ਬਾਅਦ ਰੁਕਾਵਟਾਂ ਜਾਰੀ ਹਨ।
ਹੁਣ ਦੋਵੇਂ ਪੱਖ ਉਚਾਈ ਵਾਲੇ ਇਲਾਕਿਆਂ ਵਿੱਚ ਫ਼ੌਜੀਆਂ ਨੂੰ ਪਿੱਛੇ ਹਟਣ ਦੇ ਪ੍ਰਸਤਾਵ 'ਤੇ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ੍ਰੀ ਦਾ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਦੌਰਾਨ ਡਿਜ਼ੀਟਲ ਸਾਧਨ ਰਾਹੀਂ ਆਹਮੋ-ਸਾਹਮਣੇ ਹੋਏ ਸਨ।