ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 9.30 ਵਜੇ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਇੱਕ ਉੱਚ ਪੱਧਰੀ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ। ਨਾਰਵੇ ਦੇ ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟਾਰੇਸ ਵੀ ਸੰਯੁਕਤ ਰਾਸ਼ਟਰ ਦੀ ਆਰਥਿਕ ਤੇ ਸਮਾਜਿਕ ਪਰਿਸ਼ਦ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ।
ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅਸਥਾਈ ਮੈਂਬਰ ਦੀ ਚੋਣ ਜਿੱਤਣ ਮਗਰੋਂ ਇਹ ਪਹਿਲਾ ਮੌਕਾ ਹੈ ਜਦ ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਨੂੰ ਸੰਬੋਧਤ ਕਰਨਗੇ। ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰ ਦੇ ਤੌਰ 'ਤੇ 2021-22 ਸੈਸ਼ਨ ਲਈ ਚੁਣਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ 75 ਵੇਂ ਸਥਾਪਨਾ ਦਿਵਸ ਦੇ ਮੌਕੇ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਉੱਚ ਪੱਧਰੀ ਸੈਸ਼ਨ ਦਾ ਵਿਸ਼ਾ ‘ਕੋਵਿਡ -19 ਤੋਂ ਬਾਅਦ ਬਹੁਪੱਖੀ’ ਹੈ, ਜੋ ਕਿ ਸੁਰੱਖਿਆ ਪਰਿਸ਼ਦ ਲਈ ਭਾਰਤ ਦੀ ਪਸੰਦ ਨੂੰ ਦਰਸਾਉਂਦਾ ਹੈ। ਜਿਥੇ ਇਸ ਨੇ ਕੋਵਿਡ - 19 ਤੋਂ ਬਾਅਦ ਦੀ ਦੁਨੀਆਂ ਵਿੱਚ ਬਹੁਪੱਖੀ ਸੁਧਾਰਾਂ ਦੀ ਗੱਲ ਕਹੀ ਗਈ ਹੈ।
ਇਸ ਸਲਾਨਾ ਉੱਚ ਪੱਧਰੀ ਸੈਸ਼ਨ ਵਿੱਚ ਵੱਖ- ਵੱਖ ਸਮੂਹਾਂ ਦੇ ਉੱਚ ਪੱਧਰੀ ਨੁਮਾਇੰਦੇ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਸਰਕਾਰੀ, ਪ੍ਰਾਈਵੇਟ ਸੈਕਟਰ, ਨਾਗਰਿਕ ਸੰਸਥਾਵਾਂ ਅਤੇ ਅਕਾਦਮਿਕ ਸੈਕਟਰ ਦੇ ਲੋਕ ਸ਼ਾਮਲ ਹਨ। ਇਸ ਬੈਠਕ 'ਚ, ਇਹ ਵਿਚਾਰਿਆ ਜਾ ਸਕਦਾ ਹੈ ਕਿ ਅਸੀਂ 75 ਵੀਂ ਵਰ੍ਹੇਗੰਠ 'ਤੇ ਕਿਹੋ ਜਿਹਾ ਸੰਯੁਕਤ ਰਾਸ਼ਟਰ ਚਾਹੁੰਦੇ ਹਾਂ ?
ਬਿਆਨ ਦੇ ਮੁਤਾਬਕ, ਅੰਤਰਰਾਸ਼ਟਰੀ ਵਾਤਾਵਰਣ ਅਤੇ ਕੋਵਿਡ -19 ਮਹਾਂਮਾਰੀ ਦੀਆਂ ਤਬਦੀਲੀਆਂ ਵਿਚਾਲੇ, ਇਹ ਸੈਸ਼ਨ ਬਹੁਪੱਖੀ ਪ੍ਰਣਾਲੀ ਦੀ ਉਸਾਰੀ ਅਤੇ ਮਜਬੂਤ ਅਗਵਾਈ, ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸੰਸਥਾਵਾਂ, ਵਿਆਪਕ ਸ਼ਮੂਲੀਅਤ ਰਾਹੀਂ ਗਲੋਬਲ ਏਜੰਡੇ ਨੂੰ ਮਜ਼ਬੂਤ ਕਰਨ ਨਾਲ ਜੁੜੇ ਪ੍ਰਮੁੱਖ ਕਾਰਕਾਂ 'ਤੇ ਕੇਂਦ੍ਰਤ ਰਹੇਗਾ।