ਨਵੀਂ ਦਿੱਲੀ: ਮਿਸ਼ਨ ਚੰਦਰਯਾਨ-2 ਦੇ ਲੈਂਡਰ ਨਾਲ ਸੰਪਰਕ ਟੁੱਟਣ ਕਾਰਨ ਮਿਲੀ ਅਸਫ਼ਲਤਾ ਨੇ ਇਸਰੋ ਦੇ ਮੁੱਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਨੂੰ ਭਾਵੁਕ ਕਰ ਦਿੱਤਾ। ਇਸਰੋ ਕੰਟਰੋਲ ਰੂਮ ਵਿੱਚ ਵਿਗਿਆਨੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਦੋਂ ਬਾਹਰ ਆਏ ਤਾਂ ਇਸਰੋ ਦੇ ਮੁਖੀ ਕੇ. ਸਿਵਨ ਭਾਵੁਕ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸਰੋ ਚੀਫ਼ ਨੂੰ ਗਲੇ ਲਗਾ ਕੇ ਹੌਂਸਲਾ ਦਿੱਤਾ।
ਚੰਦਰਯਾਨ-2 ਦੇ ਲੈਂਡਰ ਵਿਰਕਮ ਦਾ ਚੰਨ ਉਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ। ਇਸ ਦੌਰਾਨ ਮੋਦੀ ਨੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ। ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਚੰਦ ਨੂੰ ਛੋਹਣ ਦੀ ਸਾਡੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ, ਜਜ਼ਬਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਕੁਝ ਰੁਕਾਵਟਾਂ ਹੱਥ ਲੱਗੀਆਂ ਹਨ, ਪਰ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਿਆ, ਸਗੋਂ ਹੋਰ ਮਜ਼ਬੂਤ ਹੋਇਆ ਹੈ। ਅੱਜ ਸਾਡੇ ਰਾਸਤੇ ਵਿਚ ਭਾਵੇਂ ਹੀ ਇੱਕ ਰੁਕਾਵਟ ਆਈ ਹੋਵੇ, ਪਰ ਇਸ ਨਾਲ ਅਸੀਂ ਆਪਣੀ ਮੰਜ਼ਿਲ ਦੇ ਰਾਸਤੇ ਵਿਚੋਂ ਹਟਾਂਗੇ ਨਹੀਂ।
ਪੀਐੱਮ ਨੇ ਕਿਹਾ, "ਅਸੀਂ ਇਸ ਮੌਕੇ 'ਤੇ ਮੁੜ ਤੋਂ ਉਠਾਂਗੇ ਅਤੇ ਸਫਲਤਾ ਦੀਆਂ ਨਵੀਂਆਂ ਸਿਖਰਾਂ' ਤੇ ਪਹੁੰਚਾਂਗੇ। ਸਾਡੇ ਵਿਗਿਆਨੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੂਰਾ ਭਾਰਤ ਤੁਹਾਡੇ ਨਾਲ ਹੈ। ਤੁਸੀਂ ਬੇਮਿਸਾਲ ਪੇਸ਼ੇਵਰ ਹੋ ਜਿਨ੍ਹਾਂ ਨੇ ਰਾਸ਼ਟਰੀ ਤਰੱਕੀ ਲਈ ਇੱਕ ਸ਼ਾਨਦਾਰ ਯੋਗਦਾਨ ਪਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਆਰਬਿਟਰ ਸ਼ਾਨ ਨਾਲ ਚੰਨ ਦੇ ਚੱਕਰ ਲਗਾ ਰਿਹਾ ਹੈ ਤੇ ਅੱਜ ਭਾਰਤ ਦੁਨੀਆਂ ਹੀ ਬੇਹਤਰੀਨ ਪੁਲਾੜ ਤਾਕਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਲੈਂਡਰ ਵਿਕਰਮ ਨਾਲ ਸੰਪਰਕ ਉਸ ਸਮੇਂ ਟੁੱਟ ਗਿਆ, ਜਦ ਉਹ ਸ਼ਨੀਵਾਰ ਤੜਕੇ ਚੰਨ ਦੀ ਸਤਹ ਵੱਲ ਵੱਧ ਰਿਹਾ ਸੀ। ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਕਿਹਾ ਕਿ ਸੰਪਰਕ ਉਸ ਸਮੇਂ ਟੁੱਟਿਆ, ਜਦ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲੀ ਥਾਂ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਸੀ। ਇਸਰੋ ਦੇ ਮੁਖੀ ਸਿਵਨ ਨੇ ਕਿਹਾ ਕਿ ਹਾਲੇ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਇਤਿਹਾਸਕ ਪਲ ਦੀ ਗਵਾਹੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸਰੋ ਸੈਂਟਰ ਪਹੁੰਚੇ ਸਨ।